ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੋਈ ਅਜੀਬ ਜਾਨਵਰ ਹੋਵਾਂ ?
ਬੇਰੰਜਰ: ਤੇਰੀ ਚਮੜੀ ...
ਜੇਨ: ਤੂੰ ਮੇਰੀ ਚਮੜੀ ਤੋਂ ਕੀ ਲੈਣਾ ? ਮੈਂ ਤਾਂ ਤੇਰੀ ਚਮੜੀ ਬਾਰੇ ਕੁਝ ਨਹੀਂ ਕਿਹਾ, ਕਿਹਾ ਕਦੇ ?
ਬੇਰੰਜਰ: ਲੱਗਦਾ..., ਇਸਦਾ ਰੰਗ ਬਦਲਦਾ ਜਾ ਰਿਹੈ, ਹਾਂ, ਹਰੀ ਹੁੰਦੀ ਜਾ ਰਹੀ।(ਜੇਨ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਹੈ।) ਤੇ ਸਖ਼ਤ ਵੀ।
ਜੇਨ: ਤੂੰ ਮੈਨੂੰ ਚੂੰਢੀਆਂ ਵੱਢਣਾ ਛੱਡ। ਪੰਗਾ ਕੀ ਐ ਤੈਨੂੰ ? ਕਿਉਂ ਮੇਰੇ ਪਿੱਛੇ ਪਿਆ ਏਂ।
ਬੇਰੰਜਰ: (ਆਪਣੇ ਆਪ ਨਾਲ) ਮਾਮਲਾ ਕੁਝ ਜ਼ਿਆਦਾ ਈ ਗੰਭੀਰ ਹੈ, ਏਨਾ ਤਾਂ ਸੋਚਿਆ ਨਹੀਂ ਸੀ।(ਜੇਨ ਨੂੰ) ਡਾਕਟਰ ਨੂੰ ਬੁਲਾਉਣਾ ਚਾਹੀਦਾ।
(ਉਹ ਫੋਨ ਵੱਲ ਜਾਂਦਾ ਹੈ।)
ਜੇਨ: ਹੱਥ ਨਾ ਲਾਈਂ ਇਹਨੂੰ (ਧੱਕਾ ਮਾਰਦਾ ਹੈ, ਬੇਰੰਜਰ ਲੜਖੜਾ ਜਾਂਦਾ ਹੈ।) ਤੂੰ ਆਪਣੇ ਕੰਮ ਨਾਲ ਕੰਮ ਰੱਖ।
ਬੇਰੰਜਰ: ਠੀਕ ਹੈ। ਮੈਂ ਤਾਂ ਤੇਰੇ ਓ ਭਲੇ ਦੀ ਸੋਚ ਰਿਹਾ ਸੀ।
ਜੇਨ: (ਖੰਘਦੇ ਹੋਏ, ਸਾਹਾਂ ਦਾ ਸ਼ੋਰ ਵੱਧ ਜਾਂਦਾ ਹੈ) ਆਪਣੇ ਭਲੇ ਬਾਰੇ ਮੈਂ ਤੇਰੇ ਨਾਲੋਂ ਵੱਧ ਜਾਣਦਾ।
ਬੇਰੰਜਰ: ਘਰਰ ਘਰਰ ਹੋ ਰਹੀ ਤੇਰੇ ਸਾਹਾਂ 'ਚ।
ਜੇਨ: ਹਰ ਕੋਈ ਆਪਣੇ ਹਿਸਾਬ ਨਾਲ ਸਾਹ ਲੈਂਦਾ। ਤੈਨੂੰ ਇਹ ਪਸੰਦ ਨਹੀਂ ਜਿਵੇਂ ਮੈਂ ਸਾਹ ਲੈ ਰਿਹਾਂ ਤੇ ਮੈਨੂੰ ਤੇਰੇ ਸਾਹ ਲੈਣ ਦਾ ਢੰਗ ਪਸੰਦ ਨਹੀਂ। ਕਿਵੇਂ ਮਰਿਆਂ ਵਾਂਗ ਸਾਹ ਲੈਂਦਾਂ ਤੂੰ...ਸੁਣਾਈ ਵੀ ਨਹੀਂ ਦਿੰਦੀ; ਲਗਦੈ ਬਸ ਹੁਣੇ ਡਿੱਗਾ ਕਿ ਡਿੱਗਾ... ਬਸ ਖ਼ਤਮ।
ਬੇਰੰਜਰ: ਮੈਨੂੰ ਪਤਾ ਮੈਂ ਤੇਰੇ ਜਿੰਨਾ ਤਕੜਾ ਨਹੀਂ।
ਜੇਨ: ਮੈਂ ਤਾਂ ਕਦੇ ਤੈਨੂੰ ਡਾਕਟਰ ਵੱਲ ਲਿਜਾਣ ਦੀ ਜਿੱਦ ਨਹੀਂ ਕੀਤੀ, ਕੀਤੀ ਕਦੇ ? ਲੋਕਾਂ ਨੂੰ ਉਨ੍ਹਾਂ ਦੇ ਹਿਸਾਬ ਨਾਲ ਜਿਉਣ ਦਿਓ।
ਬੇਰੰਜਰ: ਨਾਰਾਜ਼ ਕਿਉਂ ਹੋ ਰਿਹੈਂ ਯਾਰ। ਮੈਂ ਤੇਰਾ ਦੋਸਤ ਹਾਂ।
ਜੇਨ: ਕੋਈ ਯਾਰੀ-ਯੂਰੀ ਨਹੀਂ... ਕੋਈ ਦੋਸਤੀ ਨਹੀਂ। ਉੱਕਾ ਯਕੀਨ ਨਹੀਂ ਮੈਨੂੰ ਤੇਰੀ ਦੋਸਤੀ 'ਚ।
ਬੇਰੰਜਰ: ਇਹ ਤਾਂ ਤੂੰ ਧੱਕਾ ਕਰ ਰਿਹੈਂ। ਦਿਲ 'ਤੇ...
ਜੇਨ: ਕੋਈ ਦਿਲ 'ਤੇ ਲਾਉਣ ਵਾਲੀ ਗੱਲ ਨਹੀਂ ਇਹਦੇ 'ਚ।
ਬੇਰੰਜਰ: ਦੇਖ ਯਾਰ ਤੂੰ ...
ਜੇਨ: ਮੈਂ ਕੋਈ ਤੇਰਾ ਯਾਰ ਨਹੀਂ।
ਬੇਰੰਜਰ: ਤੂੰ ਤਾਂ ਬੜਾ ਆਦਮਖ਼ੋਰ ਲੱਗ ਰਿਹਾ ਅੱਜ।

73