ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਜੇਨ: ਹਾਂ, ਮੈਂ ਹਾਂ ਆਦਮਖ਼ੋਰ, ਖੂੰਖਾਰ ਆਦਮਖ਼ੋਰ। ਤੇ ਆਦਮਜ਼ੋਰ ਹੋਣਾ ਮੈਨੂੰ ਪਸੰਦ ਹੈ।
ਬੇਰੰਜਰ: ਤੈਨੂੰ ਲਗਦੈ ... ਕੱਲ੍ਹ ਦਾ ਗੁੱਸਾ ਹਾਲੇ ਉੱਤਰਿਆ ਨਹੀਂ। ਮੈਂ ਗ਼ਲਤੀ ਮੰਨਦਾਂ ਆਪਣੀ, ਇਸੇ ਲਈ ਤਾਂ ਆਇਆਂ ਮਾਫ਼ੀ ਮੰਗਣ।
ਜੇਨ: ਕਿਸ ਗੁੱਸੇ ਦੀ ਗੱਲ ਕਰ ਰਿਹਾਂ ਤੂੰ ?
ਬੇਰੰਜਰ: ਤੈਨੂੰ ਪਤਾ ਈ ਏ, ਹੁਣੇ ਤਾਂ ਗੱਲ ਹੋਈ, ਓ ਗੈਂਡਿਆਂ ਬਾਰੇ..
ਜੇਨ: (ਬੇਰੰਜਰ ਨੂੰ ਸੁਣਦਾ ਹੀ ਨਹੀਂ। ਇਹ ਗੱਲ ਨਹੀਂ ਕਿ ਮੈਂ ਕੋਈ ਲੋਕਾਂ ਨੂੰ ਨਫ਼ਰਤ ਕਰਦਾ। ਮੈਨੂੰ ਬਸ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ। ਸਗੋਂ.. ਬਸ ਘਿਣ ਆਉਂਦੀ..; ਤੇ ਚੰਗਾ ਉਨ੍ਹਾਂ ਲਈ ਇਹੋ ਹੈ ਕਿ ਉਹ ਮੇਰੀਆਂ ਰਾਹਾਂ ਤੋਂ ਦੂਰ ਰਹਿਣ, ਨਹੀਂ... ਮੈਂ ਰੌਦ ਦਿਆਂਗਾ ਸਭਨੂੰ ਪੈਰਾਂ ਹੇਠ।
ਬੇਰੰਜਰ: ਤੈਨੂੰ ਪਤਾ.. ਕਿ ਮੈਂ ਕਦੇ ਤੇਰੀ ਰਾਹ 'ਚ ਆਉਣ ਵਾਲਾ ਨਹੀਂ।
ਜੇਨ: ਮੇਰੇ ਜੀਵਨ ਦਾ ਬਸ ਇੱਕੋ ਨਿਸ਼ਾਨਾ ਹੈ। ਤੇ ਮੈਂ ਸਿੱਧਾ ਉਸ ਵੱਲ ਸੂਟ ਵੱਟਦਾ।
ਬੇਰੰਜਰ: ਮੈਨੂੰ ਪੱਕਾ ਹੈ ਕਿ ਤੂੰ ਠੀਕ ਹੈਂ। ਪਰ ਲਗਦੈ.. ਤੂੰ ਕਿਸੇ ਨੈਤਿਕ ਘਚੋਲੇ 'ਚੋਂ ਲੰਘ ਰਿਹੈਂ।
(ਜੇਨ ਇੱਕ ਸਿਰੇ ਤੋਂ ਦੂਸਰੇ ਸਿਰੇ ਤਾਈਂ ਕਮਰੇ 'ਚ ਇੰਝ ਘੁੰਮਦਾ ਹੈ ਜਿਵੇਂ ਕੋਈ ਹਿੰਸਕ ਜਾਨਵਰ ਪਿੰਜਰੇ 'ਚ ਗੇੜੇ ਲਾਉਂਦਾ ਹੈ। ਬੇਰੰਜਰ ਉਸਨੂੰ ਗੌਹ ਨਾਲ ਦੇਖਦਾ ਹੈ ਤੇ ਕਈ ਵਾਰ ਬਚਾਓ ਲਈ ਉਸਦੀ ਰਾਹ ਤੋਂ ਪਰੇ ਹਟਦਾ ਹੈ। ਜੋਨ ਦੀ ਆਵਾਜ਼ ਖੁਰਦਰੀ ਹੋਈ ਜਾਂਦੀ ਹੈ।)
ਬੇਰੰਜਰ: ਤੈਨੂੰ ਖ਼ੁਦ ਨੂੰ ਉਕਸਾਉਣਾ ਨਹੀਂ ਚਾਹੀਦਾ, ਇਹ ਤੇਰੇ ਲਈ ਠੀਕ ਨਹੀਂ।
ਜੇਨ: ਇਨ੍ਹਾਂ ਕੱਪੜਿਆਂ 'ਚ ਮੈਂ... ਵਸਿਆ ਫਸਿਆ ਮਹਿਸੂਸ ਕਰਦਾਂ; ਇਹ ਪਜਾਮੇ 'ਤੇ ਖਿਝ ਆ ਰਹੀ ਏ ਮੈਨੂੰ...। ( ਉਹ ਆਪਣੇ ਪਜਾਮੇ ਅਤੇ ਜਾਕੇਟ ਨੂੰ ਲਾਹੁੰਦਾ ਹੈ ਤੇ ਫੇਰ ਉੱਪਰ ਕਰ ਲੈਂਦਾ ਹੈ।)
ਬੇਰੰਜਰ: ਪਰ ਇਹ...ਤੇਰੀ ਚਮੜੀ ਨੂੰ ਕੀ ਹੋਇਆ ?
ਜੇਨ: ਤੂੰ ਮੇਰੀ ਚਮੜੀ ਦੇ ਖਹਿੜੇ ਕਿਉਂ ਪਿਐਂ ? ਮੈਂ ਤੇਰੇ ਨਾਲ ਇਸਨੂੰ ਬਦਲਣ ਨਹੀਂ ਲੱਗਾ।
ਬੇਰੰਜਰ: ਮੋਟੀ ਖੱਲੜੀ ਬਣਦੀ ਜਾ ਰਹੀ।
ਜੇਨ: ਹੋਰ ਮਜ਼ਬੂਤ ਹੋ ਜਾਏਗੀ। ਗਰਮੀ-ਸਰਦੀ ਕਿਸੇ ਦਾ ਕੋਈ ਅਸਰ ਨਹੀਂ--ਵੈਦਰਪਰੂਫ਼।
ਬੇਰੰਜਰ: ਹਰਾ ਹੁੰਦਾ ਜਾ ਰਿਹਾਂ ਤੂੰ ...

74