ਪੰਨਾ:ਗ੍ਰਹਿਸਤ ਦੀ ਬੇੜੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਰਖ ਵਿਚ ਫਰਕ ਏਹੋ ਹੈ ਕਿ ਸਿਆਣਾ ਆਦਮੀ ਤਾਂ ਓਹਨਾਂ ਭੁੱਲਾਂ ਦੇ ਨਤੀਜੇ ਤੋਂ ਸਿੱਖਯਾ ਪ੍ਰਾਪਤ ਕਰਦਾ ਹੈ, ਪਰ ਮੂਰਖ ਵਾਰ ਵਾਰ ਓਹੋ ਭੁੱਲਾਂ ਕਰਦਾ ਹੈ । ਇੱਕ ਸਿਆਣੇ ਦਾ ਕਥਨ ਹੈ ਕਿ "ਤਜਰਬੇ ਦੀ ਪਾਠਸ਼ਾਲਾ ਵਿੱਚੋਂ ਸਿੱਖਯਾ ਬਹੁਤ ਮਿਲਦੀ ਹੈ, ਪਰ ਮੂਰਖ ਕੁਝ ਵੀ ਨਹੀਂ ਸਿੱਖਦਾ !" ਮੰਦੇ ਭਾਗਾਂ ਨੂੰ ਏਹੋ ਜੇਹੇ ਆਦਮੀ ਵਧੀਕ ਹਨ ਜੋ ਹਾਨੀ ਤੇ ਹਾਨੀ ਝੱਲਦੇ ਹਨ, ਪਰ ਓਸ ਦੇ ਕਾਰਨ ਨੂੰ ਲੱਭ ਕੇ ਆਪਣੀਆਂ ਭੁੱਲਾਂ ਨੂੰ ਨਹੀਂ ਤਿਆਗਦੇ ।

ਅਸੀਂ ਆਪਣੇ ਤਜਰਬੇ ਨਾਲ ਬਹੁਤ ਗਲਾਂ ਸਿੱਖ ਸਕਦੇ ਹਾਂ, ਪਰ ਸਾਡੀ ਉਮਰ ਏਨੀ ਲੰਮੀ ਨਹੀਂ ਕਿ ਹਰ ਇੱਕ ਗੱਲ ਵਾਸਤੇ ਆਪ ਹੀ ਤਜਰਬਾ ਕਰ ਸਕੀਏ, ਏਸ ਵਾਸਤੇ ਜਿਨ੍ਹਾਂ ਲੋਕਾਂ ਨੇ ਤਜਰਬੇ ਕੀਤੇ ਹਨ ਓਹਨਾਂ ਦੇ ਨਤੀਜਿਆਂ ਤੋਂ ਸਿੱਖਯਾ ਪ੍ਰਾਪਤ ਕਰਨੀ ਚਾਹੀਦੀ ਹੈ ।

ਤੁਸੀਂ ਆਪਣੇ ਜੀਵਨ ਵਿਚ ਹਰ ਰੋਜ਼ ਸਵੇਰੇ ਕੰਮ ਨੂੰ ਦਿਲੀ ਸ਼ੌਕ ਤੇ ਮੇਹਨਤ ਨਾਲ ਸ਼ੁਰੂ ਕਰੋ । ਤੁਹਾਡੀਆਂ ਅੱਖਾਂ ਘੜੀ ਵੱਲ ਨਾ ਰਹਿਣ, ਸਗੋਂ ਕੰਮ ਵੱਲ । ਜੇ ਤੁਸੀਂ ਨੌਕਰ ਹੋ ਤਾਂ ਛੁੱਟੀ ਦੇ ਵਕਤ ਦੀ ਉਡੀਕ ਵਿਚ ਕੰਮ ਅੱਧ ਪਚੱਧਾ ਹੀ ਨਾ ਛੱਡ ਦਿਓ ।

ਕੰਮ ਵਿਚ ਜੁੱਟੇ ਰਹਿਣਾ ਇੱਕ ਭੜਕਦੀ ਅੱਗ ਹੈ, ਜਿਸਦੀ ਗਰਮੀ ਹਿਰਦੇ ਨੂੰ ਗਰਮ ਕਰ ਕੇ ਆਤਮਾ ਨੂੰ ਚੰਗੇ ਕੰਮਾਂ ਵੱਲ ਪ੍ਰੇਰਦੀ ਹੈ ਤੇ ਆਪਣੇ ਚਾਨਣ ਨਾਲ ਓਸ ਨੂੰ ਰਾਹ ਵਖਾਉਂਦੀ ਹੈ, ਜਿਸਤਰ੍ਹਾਂ ਹੜ੍ਹ ਦਾ ਪਾਣੀ ਕਿਸੇ ਚੀਜ਼ ਪਾਸੋਂ ਨਹੀਂ ਰੁਕਦਾ, ਏਸੇ ਤਰਾਂ ਅਧਕ ਕੰਮ ਕਰਨ ਦੀ ਖਾਹਸ਼ ਹਰ ਔਕੜ ਨੂੰ ਪੈਰਾਂ ਹੇਠ ਮਲ ਦੇਂਦੀ ਹੈ ।

-੧੩੧-