ਪੰਨਾ:ਗ੍ਰਹਿਸਤ ਦੀ ਬੇੜੀ.pdf/141

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਨਿਆਈ, ਜ਼ੁਲਮ, ਅਪਸਵਾਰਥ, ਝੂਠ ਤੇ ਸ਼ਰਾਰਤਾਂ ਨਾਲ ਟਾਕਰਾ ਹੁੰਦਾ ਹੈ। ਹੁਣ ਜੇ ਤਾਂ ਅਸੀਂ ਦਿਆਨਤਦਾਰੀ, ਸਚ, ਨੇਕੀ ਤੇ ਨਿਸ਼ਕਾਮਤਾ ਅਰ ਧਰਮ ਦੇ ਸ਼ਾਸਤ੍ਰਾ ਨਾਲ ਉਹਨਾਂ ਦਾ ਟਾਕਰਾ ਕਰਦੇ ਹਾਂ ਤੇ ਆਪਣੇ ਆਤਮਾ ਦੀ ਸਲਾਹ ਨਾਲ ਫਰਜ਼ ਦਾ ਪਾਲਣ ਕਰਦੇ ਹਾਂ ਤਦ ਤਾਂ ਅਸੀਂ ਨਿਰਸੰਦੇਹ ਆਪਣੇ ਪੈਦਾ ਹੋਣ ਦੀ ਲੋੜ ਨੂੰ ਪੂਰਾ ਕਰਦੇ ਹਾਂ, ਪਰ ਜੇ ਹਾਰ ਖਾ ਕੇ ਖੁਦ ਵੀ ਪਾਪ ਦੇ ਖੂਹ ਵਿਚ ਡਿਗ ਪੈਂਦੇ ਹਾਂ ਤਾਂ ਇਹ ਸਾਡਾ ਕਸੂਰ ਹੈ, ਸਿਰਜਨਹਾਰ ਦਾ ਏਸ ਵਿਚ ਕੀ ਦੋਸ਼ ?

ਸਾਡੀ ਕਥਨੀ ਤੋਂ ਤਾਂ ਸਿਰਫ ਏਹ ਮਲੂਮ ਹੁੰਦਾ ਹੈ ਕਿ ਸਾਨੂੰ ਕੀ ਹੋਣਾ ਚਾਹੀਦਾ ਹੈ, ਪਰ ਸਾਡੀ ਕਰਨੀ ਤੇ ਸਾਡੇ ਕਰਮ ਏਸ ਗੱਲ ਨੂੰ ਜ਼ਾਹਰ ਕਰਦੇ ਹਨ ਕਿ ਅਸੀਂ ਕੀ ਹਾਂ ?

"ਸੈਡਨ ਬਰਗ" ਕਹਿੰਦਾ ਹੈ ਕਿ ਉਹ ਜੀਵਨ ਜੋ ਸਵਰਗ ਨੂੰ ਲਜਾਂਦਾ ਹੈ ਦੁਨੀਆਂ ਛੱਡ ਦੇਣ ਵਿਚ ਨਹੀਂ ਸਗੋਂ ਦੁਨੀਆਂ ਵਿਚ ਕੰਮ ਕਰਨ ਵਿਚ ਹੈ।

ਵਿਦਯਾ ਤੇ ਸਿਆਣਪ ਉਤੇ ਹੰਕਾਰ ਕਰਨਾ ਕਿੱਡਾ ਘ੍ਰਿਣਾ ਜੋਗ ਹੈ, ਸਿਆਨਪ ਤਾਂ ਬਹੁਤ ਹੋਵੇ ਪਰ ਧਰਮ ਕੱਖ ਨਾ, ਵਿਦਯਾ ਤਾਂ ਬਹੁਤ ਪਰ ਨੇਕੀ ਗੁੰਮ, ਹੁਨਰ ਬਤੇਰਾ ਪਰ ਉਪਕਾਰ ਗਾਇਬ ! ਕੀ ਏਹ ਲਾਭਕਾਰੀ ਹੈ ?

ਦੁਨੀਆਂ ਵਿਚ ਚਾਰੇ ਪਾਸੇ ਮਾਯਾ ਦੀ ਖਾਹਸ਼ ਦਾ ਜ਼ੋਰ ਹੈ, ਪਰ ਧਰਮ ਵਲੋਂ ਮੂੰਹ ਮੋੜਿਆ ਜਾ ਰਿਹਾ ਹੈ, ਏਹੋ ਕਾਰਨ ਦੁਨੀਆਂ ਦੇ ਬੇਹੱਦੇ ਦੁਖਾਂ ਦਾ ਹੈ ।

"ਡੀ ਮੈਸਟਰ" ਦਾ ਕਥਨ ਹੈ ਕਿ ਦੁਨੀਆਂ ਵਿਚ ਕਈ ਅਜੇਹੀਆਂ ਸਚਿਆਈਆਂ ਹਨ, ਜਿਨਾਂ ਨੂੰ ਆਦਮੀ ਕੇਵਲ ਆਪਣੇ ਦਿਲ ਦੀ ਦੂਰਬੀਨ ਨਾਲ ਦੇਖ ਸਕਦਾ ਹੈ ।

-੧੩੭-