ਪੰਨਾ:ਗ੍ਰਹਿਸਤ ਦੀ ਬੇੜੀ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦਿਲ ਹੀ ਨਹੀਂ ਹੁੰਦੇ, ਸਗੋਂ ਦਿਨੋ ਦਿਨ ਓਹਨਾਂ ਦੇ ਇਤਫ਼ਾਕ ਵਿੱਚ ਵਾਧਾ ਹੋ ਕੇ ਓਹਨਾਂ ਦੇ ਦਿਲ ਪਵਿੱਤਰ ਤੇ ਸ੍ਵਛ ਹੋ ਜਾਂਦੇ ਹਨ ।

ਜੇ ਆਪੋ ਵਿਚ ਪਰੇਮ ਤੇ ਪਿਆਰ ਹੋਵੇ ਤਾਂ ਹਰੇਕ ਆਦਮੀ ਬੜੀ ਖੁਸ਼ੀ ਨਾਲ ਇਕ ਦੂਸਰੇ ਦੇ ਕੰਮ ਆਵੇ ਤੇ ਬੁਰਾ ਨਾ ਮੰਨੇ। ਚੂੰਕਿ ਵਾਹਿਗੁਰੂ ਨੇ ਮਨੁੱਖ ਨੂੰ ਕਮਾਲ ਦਾ ਚਾਹਵਾਨ ਪੈਦਾ ਕੀਤਾ ਹੈ ਤੇ ਕਮਾਲ ਕਿਸੇ ਦੀ ਮਦਦ ਤੋਂ ਬਿਨਾਂ ਸੰਭਵ ਹੀ ਨਹੀਂ, ਅਤੇ ਮਦਦ ਮੇਲ ਜੋਲ ਤੋਂ ਬਿਨਾਂ ਨਹੀਂ ਹੋ ਸਕਦੀ, ਏਸ ਵਾਸਤੇ ਆਦਮੀ ਨੂੰ ਕੁਦਰਤੀ ਤੌਰ ਤੇ ਰਲਨ ਮਿਲਨ ਦੀ ਚਾਹ ਹੁੰਦੀ ਹੈ । ਜੇ ਕਰ ਤਾਂ ਏਹ ਰਲਨਾ ਮਿਲਨਾ ਖੁਸ਼ੀ ਤੇ ਪ੍ਰਸੰਨਤਾ ਨਾਲ ਹੋਵੇ ਤਦ ਤਾਂ 'ਮੁਹੱਬਤ' ਹੈ ਤੇ ਜੇ ਬਦੋਬਦੀ ਤੇ ਬੱਧਾ ਚੱਟੀ ਵਾਂਗ ਹੋਵੇ ਤਾਂ "ਅਦਾਲਤ" ਹੈ ।ਸੋ ਸਾਬਤ ਹੋਯਾ ਕਿ ਅਸਲੀ ਮੇਲ ਜੋਲ 'ਮੁਹੱਬਤ' ਨਾਲ ਤੇ ਨਕਲੀ ਤੇ ਬਨਉਟੀ 'ਮੇਲ' ਅਦਾਲਤ ਨਾਲ ਹੁੰਦਾ ਹੈ, ਏਸ ਵਾਸਤੇ 'ਅਦਾਲਤ' ਦਾ ਦਰਜਾ 'ਮੁਹੱਬਤ' ਨਾਲੋਂ ਕਈ ਗੁਣਾਂ ਘੱਟ ਹੈ, ਕਿਉਂਕਿ ਸੰਸਾਰ ਦੇ ਪਰਬੰਧ ਵਿਚ 'ਅਦਾਲਤ' ਦੀ ਤਾਕਤ ਓਸੇ ਵੇਲੇ ਵਰਤਣ ਦੀ ਲੋੜ ਹੁੰਦੀ ਹੈ, ਜਦੋਂ 'ਮੁਹਬਤ' ਨਾ ਹੋਵੇ । ਅਦਾਲਤ ਆਖਦੇ ਹਨ 'ਇਨਸਾਫ਼' ਨੂੰ ਤੇ ਇਨਸਾਫ਼ ਦਾ ਭਾਵ ਹੈ ਨਿਸਫ ਨਿਸਫ ਅਰਥਾਤ ਅੱਧੋ ਅੱਧ ਭਾਵ ਹੱਕੋ ਹੱਕ ਵੰਡ ਦੇਣਾ, ਅਤੇ ਇਹ ਵੀ ਸਾਫ਼ ਹੈ ਕਿ ਅੱਧੋ ਅੱਧ ਕਰਨ ਨਾਲ ਇੱਕ ਦੇ ਦੋ ਹੋ ਜਾਂਦੇ ਹਨ, ਅਤੇ ਮੁਹੱਬਤ ਨਾਲ ਦੋ ਤੋਂ ਇੱਕ ਹੋ ਜਾਈਦਾ ਹੈ, ਸੋ ਦੋ ਦਾ ਇਕ ਹੋ ਜਾਣਾ ਇੱਕ ਦੇ ਦੋ ਹੋ ਜਾਣ ਨਾਲੋਂ ਕਈ ਗੁਣਾ ਚੰਗਾ ਹੈ।

-੯-