ਪੰਨਾ:ਗ੍ਰਹਿਸਤ ਦੀ ਬੇੜੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਮ ਇਛਾ ਨੂੰ ਦਬਾ ਕੇ ਰੱਖਣ ਦਾ ਅਭਯਾਸ ਕਰੇ, ਗਰਭ ਹੋ ਜਾਣ ਤੋਂ ਬਾਦ ਇਸਤ੍ਰੀ ਨੂੰ ਕਦੇ ਕਾਮ ਇੱਛਾ ਨਹੀਂ ਫੁਰਦੀ । ਏਸ ਵਾਸਤੇ ਪਤੀ ਨੂੰ ਚਾਹੀਦਾ ਹੈ ਕਿ ਉਸਦੇ ਕਾਮ ਅੰਗਾਂ ਨੂੰ ਖਾਹ ਮਖਾਹ ਉਤੇਜਨਾ ਨਾ ਦੇਵੇ, ਗਰਭ ਦੇ ਦਿਨਾਂ ਵਿੱਚ ਭੋਗ ਕਰਨ ਨਾਲ ਤੀਵੀਂ ਤੇ ਬੱਚੇ ਦੋਹਾਂ ਨੂੰ ਹੀ ਅਨੇਕਾਂ ਦੁੱਖ ਪਹੁੰਚਦੇ ਹਨ।

ਡਾਕਟਰ ਹਫਲੈਂਡ ਪ੍ਰਸਿੱਧ ਜਰਮਨ ਡਾਕਟਰ ਦਾ ਕਥਨ ਹੈ ਕਿ "ਗਰਭ ਦਾ ਸਮਾਂ ਚਿੰਤਾ ਨੂੰ ਦੂਰ ਕਰ ਕੇ ਖਿੜੇ ਮੱਥੇ, ਪ੍ਰਸੰਨ ਚਿੱਤ ਤੇ ਅਨੰਦਮਯ ਰਹਿਣ ਦਾ ਹੁੰਦਾ ਹੈ, ਏਹਨਾਂ ਦਿਨਾਂ ਵਿੱਚ ਸਰੀਰਕ ਤੇ ਦਿਮਾਗੀ ਅਰੋਗਤਾ ਖੂਬ ਰਹਿਣੀ ਚਾਹੀਦੀ ਹੈ। ਜੇ ਏਸ ਵਿੱਚ ਫਰਕ ਹੋਵੇਗਾ ਤਾਂ ਬੱਚਾ ਰੋਗੀ, ਕਰੂਪ ਤੇ ਕਈ ਵਾਰੀ ਅੰਗ ਹੀਨ ਪੈਦਾ ਹੋ ਜਾਂਦਾ ਹੈ ।"

ਸੰਤਾਨ ਦੇ ਸੁੰਦਰ, ਅਰੋਗ ਤੇ ਬੁਧੀਵਾਨ ਹੋਣ ਵਾਸਤੇ ਮਾਤਾ ਪਿਤਾ ਦਾ ਅਰੋਗ ਤੇ ਬੁਧੀਵਾਨ ਹੋਣਾ ਵੱਡਾ ਜ਼ਰੂਰੀ ਹੈ। ਇਸ ਤੋਂ ਬਿਨਾਂ ਗਰਭ ਦੇ ਦਿਨਾਂ ਵਿੱਚ ਮਾਤਾ ਦੀ ਅਰੋਗਤਾ ਦਾ ਖਯਾਲ ਰੱਖਣਾ, ਓਸਦੀ ਖੁਰਾਕ, ਪੁਸ਼ਾਕ, ਰਹਿਣ, ਬਹਿਣ ਤੇ ਸੌਣ ਆਦਿਕ ਦਾ ਸੁਖ਼ਦਾਈ ਹੋਣਾ ਤੇ ਬੱਚਾ ਹੋ ਜਾਣ ਪਰ ਓਸਦਾ ਪਾਲਣ ਪੋਸ਼ਣ ਚੰਗੀ ਤਰਾਂ ਕਰਨਾ ਵੀ ਅਤਿ ਜ਼ਰੂਰੀ ਹੈ । ਮੁੱਕਦੀ ਗੱਲ ਕਿ ਸੰਤਾਨ ਦੀ ਅਰੋਗਤਾ ਤੇ ਬਲ ਸਭ ਮਾਤਾ ਪਿਤਾ ਦੇ ਅਧੀਨ ਹੈ ।

-੯੪-