ਪੰਨਾ:ਚਾਰੇ ਕੂਟਾਂ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਯਾਦ



ਝੁਲਸੀ ਹੋਈ ਦੁਪਹਿਰ ਜੇਠ ਦੀ, ਮੂੰਹ 'ਚੋਂ ਲਾਟਾਂ ਛੱਡੀ ਜਾਵੇ।
ਪੰਛੀਆਂ ਤਾਈਂ ਤਾੜ ਆਲ੍ਹਣੇ, ਕਾਵਾਂ ਦੀ ਅੱਖ ਕੱਢੀ ਜਾਵੇ।

ਤਪ ਤਪ ਕੇ ਛਪੜਾਂ ਦੇ ਪਾਣੀ, ਪੁਠੇ ਸਿੱਧੇ ਖਾਣ ਉਬਾਲੇ,
ਹਵਾ ਚੁਫੇਰਿਓਂ ਕੱਸ ਕਮਾਨਾਂ, ਮਾਰੇ ਤੀਰ ਤੱਤੇ ਅਣਿਆਲੇ।

ਸਹਿਮ ਗਏ ਥਾਂ ਥਾਂ ਪੰਖੇਰੂ, ਰਾਗ ਖੁਸ਼ੀ ਦਾ ਗਾਵਣ ਵਾਲੇ।
ਵੰਨ ਸੁਵੰਨੀਆਂ ਬੋਲ ਬੋਲੀਆਂ, ਸੁੱਤੇ ਤਰਬ ਜਗਾਵਣ ਵਾਲੇ।

ਜੜ੍ਹਾਂ ਦੇ ਨਾਲ ਬੱਝੀਆਂ ਮੱਝਾਂ,ਅਖੀਆਂ ਮੀਟ ਕੇ ਕਰਨ ਉਗਾਲੀ,
ਓਧਰ ਕੋਈ ਨਿਆਈਆਂ ਵਲੋਂ, ਲਈ ਆਵੇ ਪਿਆ ਕਰੀ ਹੰਡਾਲੀ।

ਬੁਢਿਆਂ ਠੇਰਿਆਂ ਬੋਹੜਾਂ ਹੇਠਾਂ, ਜੋੜ ਜੋੜ ਕੇ ਮੰਜੀਆਂ ਡਾਹੀਆਂ,
ਸਿਖਰ ਜਵਾਨੀ ਵੇਲੇ ਦੀਆਂ, ਗੱਲਾਂ ਸਾਰੀਆਂ ਚੇਤੇ ਆਈਆਂ।

-੯੩-