ਪੰਨਾ:ਚਾਰੇ ਕੂਟਾਂ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਓ ਰੱਬਾ ਤੇਰੀ ਕੁਦਰਤ! ਤੇਰੇ ਬਿਨਾਂ ਨਾ ਪੱਤਾ ਹਿੱਲੇ।
ਕੋਈ ਆਖੇ ਕੀ ਜੀਊਕੇ ਕਰਨਾ, ਚੰਗਾ ਕਰੇ ਜੇ ਲਾ ਲਏ ਬਿਲੇ।

... ... ... ... ...


ਸੁਣ ਬੁਢਿਆਂ ਦੀਆਂ ਹਡ-ਬੀਤੀਆਂ, ਖੁੜਕੀ ਦਿਲ ਨੂੰ ਯਾਦ ਪੁਰਾਣੀ,
ਉਹ ਰੱਬਾ ਜਦ ਮੈਂ ਤੇ 'ਚੰਨੋ', ਹੁੰਦੇ ਸਾਂ ਇਕੋ ਜਿਹੇ ਹਾਣੀ।

ਜਿਸ ਦੇ ਅਲ੍ਹੜ ਹੁਸਨ ਦੁਆਲੇ, ਲਗਦੀਆਂ ਸਨ ਇਉਂ ਸਈਆਂ ਸੱਭੇ।
ਜਿਦ੍ਹਾਂ ਤਾਰੇ ਚੰਨ ਸਾਹਮਣੇ, ਰੋਹਬ ਹੇਠ ਨੇ ਜਾਂਦੇ ਦੱਬੇ।

ਗੋਰੇ ਮੂੰਹ ਤੇ ਜ਼ੁਲਫ ਫਰੇਬਨ, ਏਸ ਤਰ੍ਹਾਂ ਸੀ ਹੁੰਦੀ ਫੱਬੀ।
ਜਿਦ੍ਹਾਂ ਘੁੱਪ ਹਨੇਰੇ ਅੰਦਰ, ਮਣੀ ਨਾਗ ਨੂੰ ਹੁੰਦੀ ਲੱਭੀ।

ਨਾ ਉਹਨੂੰ ਸੀ ਖੌਫ ਕਿਸੇ ਦਾ, ਨਾ ਮੈਂ ਭੈ ਕਿਸੇ ਦਾ ਖਾਣਾ।
ਨਿਰਭੈ ਹੋ ਕੇ ਟਾਹਲੀ ਹੇਠਾਂ, ਕਠਿਆਂ ਆਉਣਾ ਕਠਿਆਂ ਜਾਣਾ।

'ਆ ਵੇ ਮਾਹੀਆ, ਢੋਲ ਸਿਪਾਹੀਆ',ਟਾਹਲੀ ਪਿਛੇ ਲੁਕਕੇ ਗਾਉਣਾ,
ਜਾਂ ਖੜਬਾਨੇ ਮੈਨੂੰ ਦੇ ਕੇ, ਝੱਲੀ ਜਹੀ ਨੇ ਜੀ ਪਰਚਾਉਣਾ।

ਗਈ ਬੀਤਦੀ ਕੁੱਝ ਚਿਰ ਏਦਾਂ, ਨਾ ਸਿਖਿਆ ਸੀ ਕਲਿਆਂ ਹੋਣਾ।
ਨਾ ਕਲਿਆਂ ਸਿਖਿਆ ਸੀ ਹੱਸਣਾ,ਨਾ ਕੱਲਿਆਂ ਸਿਖਿਆ ਸੀ ਰੋਣਾ।

ਨਹੀਂ ਸੀ ਪਤਾ ਪਿਆਰ ਏਸ ਵਿਚ, ਕਲਿਆਂ ਵੀ ਕਦੇ ਹੋਣਾ ਪੈਸੀ,
ਮੁੜ ਬਹਿ ਏਸੇ ਟਾਹਲੀ ਹੇਠਾਂ, ਕਰ ਕਰ ਚੇਤੇ ਰੋਣਾ ਪੈਸੀ।

... ... ... ... ...


ਕਿਦ੍ਹਾਂ ਹੱਸੀ ਹੋਏਗੀ ਸੁਣ, ਸਖੀਆਂ ਕੋਲੋਂ ਖਬਰ ਵਿਆਹ ਦੀ।
ਹੋ ਸਕਦੈ ਭਰਮਾ ਗਈ ਹੋਵੇ, ਥੈਲੀ ਕਿਸੇ ਧਨਾਡੀ ਸ਼ਾਹ ਦੀ।

-੯੪-