ਪੰਨਾ:ਚਾਰੇ ਕੂਟਾਂ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਾਉਣੇ ਲੱਖ ਬਹਾਰ ਦੇ ਗੀਤ ਚਾਹੇ,
ਗਲਾ ਬਹਿ ਗਿਆ ਉਠਿਆ ਰਾਗ ਕੋਈ ਨਾ।

ਲਾਬਾਂ ਲਖ ਲਾਈਆਂ, ਕੁਝ ਨਾ ਲਾਭ ਹੋਇਆ,
ਦੂਹਰੇ ਲੱਕ ਹੋ ਗਿਆ ਸਰਦਾਰ ਮੇਰਾ।
ਪੱਲੇ ਸੱਖਣੇ ਕਿਸੇ ਨਾ ਝਾਲ ਝੱਲੀ,
ਆਤਰ ਟੁੱਕ ਤੋਂ ਹੋਇਆ ਪਰਵਾਰ ਮੇਰਾ।
ਕਈ ਹਾੜੀਆਂ ਤੁੱਲੀਆਂ ਬੁਹਲ ਉਤੋਂ,
ਲੰਘਿਆ ਤਰਸ ਕੇ ਹਰ ਤਿਓਹਾਰ ਮੇਰਾ।
ਛਾਂਵੇਂ ਬਦਲਾਂ ਦੀ ਰਹਿ ਕੇ ਸੁੱਕ ਗਈ ਆਂ,
ਪੂਰਾ ਹੋਇਆ ਨਾ ਕੋਈ ਇਕਰਾਰ ਮੇਰਾ।

ਆ ਆ ਕਈ ਬਹਾਰਾਂ ਨੇ ਲੰਘ ਗਈਆਂ,
ਸਾਡੇ ਉਤੇ ਨਾ ਰਤਾ ਬਹਾਰ ਆਈ।
ਸੁਸਰੀ ਸੌਂ ਗਿਆ ਕਿੱਲੇ ਤੇ ਮਾਲ ਭੁੱਖਾ,
ਮੁਕਣ ਉੱਤੇ ਨਾ ਕਦੇ ਵਗਾਰ ਆਈ।


ਮੇਰਾ ਨਹੀਂ! ਇਹ ਉਨ੍ਹਾਂ ਦਾ ਆਇਆ ਸਾਵਣ,
ਜਿਨ੍ਹਾਂ ਮੇਰੀ ਬਹਾਰ ਨੂੰ ਰੋਲਿਆ ਏ।
ਸੱਧਰਾਂ ਮੇਰੀਆਂ ਬਾਗ ਵਿਚ ਖਿੜਦੀਆਂ ਨੂੰ,
ਕੰਡੇ ਮੌਤ ਉਤੇ ਜਿਨ੍ਹਾਂ ਤੋਲਿਆ ਏ।
ਉਨ੍ਹਾਂ ਤਾਈਂ ਅਜ ਰੰਗ ਤੇ ਰੰਗ ਲੱਗੇ,
ਪਾਣੀ ਲਹੂ ਉੱਤੇ ਜਿਨ੍ਹਾਂ ਡੋਲ੍ਹਿਆ ਏ।

-੧੦੨-