ਪੰਨਾ:ਚਾਰੇ ਕੂਟਾਂ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁੜ੍ਹ ਗਏ ਫਲਸਫੇ ਹੰਝੂਆਂ ਵਿਚ ਸਾਰੇ,
ਕਾਲੇ ਹੋ ਗਏ ਲੇਖ ਲਿਖਾਰੀਆਂ ਦੇ।
ਤਾਰਾਂ ਟੁੱਟੀਆਂ ਪ੍ਰੀਤ ਦੇ ਸਾਜ਼ ਦੀਆਂ,
ਗਲੇ ਬਹਿ ਗਏ ਪ੍ਰੇਮ ਪੁਜਾਰੀਆਂ ਦੇ।
ਖਾੜੇ ਗੋਡੇ ਹੀ ਰਹਿ ਗਏ ਹਿੰਮਤਾਂ ਦੇ,
ਟੁੱਟੇ ਤ੍ਰਿੰਜਣੀ ਤੰਦ ਦੁਲਾਰੀਆਂ ਦੇ।
ਸੁੰਵ ਪੈ ਗਈ ਵਿਚ ਵਿਦਿਆਲਿਆਂ ਦੇ,
ਬੰਨ੍ਹ ਖੁਲ੍ਹ ਗਏ ਬੰਨ੍ਹੇ ਉਸਾਰੀਆਂ ਦੇ।

ਜਗਤ ਚਾਨਣਾ ਅਜ ਅਲੋਪ ਹੋਇਆ,
ਮੱਧਮ ਸੂਰਜ ਦੀ ਤੇਜ ਰੁਸ਼ਨਾਈ ਪੈ ਗਈ।
ਕਰ ਲਈ ਮੌਤ ਨੇ ਆਪਣੇ ਮਨ ਆਈ,
ਸਰਬ-ਲੋਕ ਦੇ ਵਿਚ ਦੁਹਾਈ ਪੈ ਗਈ।

ਵਰਤ ਗਿਆ ਹਨੇਰ ਚੁਫੇਰ ਸਾਰੇ,
ਸਾਨੂੰ ਕੌਣ ਵਿਖਾਏਗਾ ਰਾਹ ਸਾਥੀ।
ਪੈਰ ਪੈਰ ਤੇ ਔਕੜਾਂ ਕਈ ਖੜੀਆਂ,
ਅਜੇ ਲੋੜ ਸੀ ਤੇਰੀ ਅਥਾਹ ਸਾਥੀ।
ਸਾਹ ਤੋੜਦੀ ਪਈ ਮਨੁਖਤਾ ਇਹ,
ਰਹੀ ਲੋੜਦੀ ਹੈ ਤੇਰੀ ਦੁਵਾ ਸਾਥੀ।
ਅਜੇ ਇਕ ਦਾ ਮੋੜ ਕੇ ਮੂੰਹ ਦੱਸਿਆ,
ਅਜੇ ਹੋਰ ਨੇ ਕਈ ਦਰਿਆ ਸਾਥੀ।

ਸ਼ਾਵਾ ਦੂਲਿਓ! ਆਖਣਾ ਮੋਰਚੇ ਤੇ,
ਅਜੇ ਜਿੱਤਾਂ ਸੀ ਹੋਰ ਉਡੀਕ ਰਹੀਆਂ।
ਤੇਰੀ ਕਲਮ ਦੇ ਪਾਏ ਹੋਏ ਪੂਰਨੇ ਨੂੰ,
ਵੇਖ ਅਜੇ ਨੇ ਹੋਣੀਆਂ ਚੀਕ ਰਹੀਆਂ।

-੧੧੪-