ਪੰਨਾ:ਚਾਰੇ ਕੂਟਾਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਗਾ ਹੁੰਦਾ ਵਿਛੋੜਾ ਨਾ ਅਜੇ ਦਿੰਦੋਂ,
ਤੇਰੇ ਹੁੰਦਿਆਂ ਦਿਲਾਂ ਦੀ ਕਰ ਲੈਂਦੇ।
'ਇਕ ਮੁਠ' ਖਿਲਾਰਿਆ ਬੀ ਜਿਹੜਾ,
ਵਧਦਾ ਫਲਦਾ ਝੋਲੀਆਂ ਭਰ ਲੈਂਦੇ।
ਬਣਿਆ ਓਦਾਂ ਹੀ ਨਾ-ਖੁਦਾ, ਰਹਿੰਦੋਂ,
ਅਸੀਂ ਅੱਗ-ਦਰਿਆ ਨੂੰ ਤਰ ਲੈਂਦੇ।
ਸਾਂਝਾਂ ਪਾ ਆਉਂਦੇ ਨਾਲ ਤਾਰਿਆਂ ਦੇ,
ਤੇਰੀ ਰੀਝ ਕੋਲੋਂ ਐਸੇ 'ਪਰ' ਲੈਂਦੇ।
ਤੇਰੇ ਦਿਲ ਸਮੁੰਦਰ 'ਚ ਅਮਨ ਲਹਿਰਾਂ,
ਅਰਸ਼ੀ ਖਿਆਲਾਂ 'ਚ ਉਡਦੀਆਂ ਘੁਗੀਆਂ ਨੇ।
ਨਵੇਂ ਯੁਗ ਦਾ ਨਵਾਂ ਪੈਗ਼ਾਮ ਦਿਤਾ,
ਉਚੇ ਮਹਿਲਾਂ ਨੂੰ ਨੀਵੀਆਂ ਝੁਗੀਆਂ ਨੇ।


ਵਕਤ ਆਇਗਾ ਮੌਤ ਨੂੰ ਕੀਲ ਲਾਂਗੇ,
ਹੋ ਕੇ ਫੇਰ ਨਾ ਕਿਸੇ ਜੁਦਾ ਰਹਿਣਾ।
ਬੰਦਾ ਖੁਦ ਖ਼ੁਦਾ ਦਾ ਰੂਪ ਹੋਸੀ,
ਲੁਕਿਆ ਕਿਤੇ ਨਹੀਂ ਕੋਈ ਖੁਦਾ ਰਹਿਣਾ।
ਹੋਣੇ ਇਕ ਨੇ ਦੇਸ਼-ਪ੍ਰਦੇਸ਼ ਸਾਰੇ,
ਕਹਿੰਦੇ ਕਿਸੇ ਨੂੰ ਨਹੀਂ ਅਲਵਿਦਾ ਰਹਿਣਾ।
ਅੱਖੀਆਂ ਸਾਹਮਣੇ ਮਮਤਾ ਖੇਡਣੀ ਏਂ,
ਹੁੰਦਾ ਮਾਵਾਂ ਨੂੰ ਨਹੀਂ ਸ਼ੁਦਾ ਰਹਿਣਾ।
ਤੇਰਾ ਜਾਗਦੇ ਦਾ ਇਹ ਸੀ ਇਕ ਸੁਪਨਾ,
ਅੱਧਾ ਕਰ ਕੇ ਪੂਰਾ ਵਿਖਾ ਗਿਆ ਏਂ।
ਬਾਕੀ ਕਰਨ ਲਈ ਆਪਣੇ ਸਾਥੀਆਂ ਨੂੰ,
ਜਾਚਾਂ ਪਿਆਰ ਦੇ ਨਾਲ ਸਿਖਾ ਗਿਆ ਏਂ।

-੧੧੫-