ਪੰਨਾ:ਚਾਰੇ ਕੂਟਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਲਈ ਪਿਆਰ ਨਾ ਬਣਾਂ ਤੇ ਬਣਾਂ ਕੀ ਮੈਂ?' ਕਵੀ ਦਾ ਨਿੱਜੀ ਪਿਆਰ ਵੀ ਕਿਸੇ ਵਿਅਕਤੀ ਨਾਲ ਹੁੰਦਾ ਹੈ ਪਰ "ਦੀਦਾਰ ਹੋਇਆ" ਕਵਿਤਾ ਵਿਚ ਉਹ ਲਿਖਦਾ ਹੈ :-

ਵਿਛੜਨ ਲਈ ਕਦੇ ਵੀ ਮਜ਼ਬੂਰ ਹੋਵੀਏ ਨਾ।

ਆਪਣੇ ਲਈ ਹੀ ਮਰ ਕੇ, ਮਸ਼ਹੂਰ ਹੋਵੀਏ ਨਾ।

ਲੋਕਾਂ ਦੀ ਨਜ਼ਰ ਕੋਲੋਂ, ਮਫ਼ਰੂਰ ਹੋਵੀਏ ਨਾ।

ਹੈ ‘ਅਮਰ’ ਪਿਆਰ ਸਾਡਾ, ਜਗ ਦਾ ਪਿਆਰ ਹੋਇਆ ਤੇਰਾ ਦੀਦਾਰ ਹੋਇਆ।

ਪੁਰਾਣੇ ਜਾਗੀਰਦਾਰੀ ਪਿਆਰ ਤੇ ਆਜ਼ਾਦੀ ਦੀ ਲੜਾਈ ਦੇ ਦੌਰ ਦੇ ਪਿਆਰ ਵਿਚ ਫਰਕ ਕੈਸਾ ਸੋਹਣਾ ਪ੍ਰਗਟ ਕੀਤਾ ਹੈ।

“ਇਕ ਯਾਦ" ਵਿਚ ਇਕ ਕਹਾਣੀ ਹੈ ਪਰ ਕਹਾਣੀ ਐਸੀ ਹੈ ਜੋ ਕਿਸੇ ਨਾ ਕਿਸੇ ਰੂਪ ਵਿਚ ਬਹੁਤਿਆਂ ਦੇ ਜੀਵਨ ਵਿਚ ਵਾਪਰਦੀ ਹੈ ਪਰ ਅੰਤ ਵਿਚ ਜੋ ਸਿੱਟਾ ਹੈ ਉਹ ਆਸ ਭਰਪੂਰ ਹੈ ਉਂਜ “ਕਿਸ ਦਾ ਹੱਕ" ਵੀ ਇਕ ਕਹਾਣੀ ਹੈ। ਇਸ ਕਵਿਤਾ ਦਾ ਤੁਕਾਂਤ-ਪਰਬੰਧ ਵੀ ਦੇਖਣ ਵਾਲਾ ਹੈ ਅਤੇ ਵਾਰ ਦੇ ਤੋਲ ਨੂੰ ਇਸ ਤੁਕਾਂਤ ਪਰਬੰਧ ਨੇ ਨਰਮ ਕਰ ਕੇ ਸ਼ਿੰਗਾਰ-ਰਸ ਦੇ ਯੋਗ ਬਣਾ ਦਿਤਾ।

'ਰੱਖੜੀ' ਇਕ ਗੀਤ ਨਾਟਕ ਬਣ ਗਿਆ ਹੈ ਜਿਸ ਵਿਚ ਧਾਰਨਾ ਲੋਕ-ਗੀਤ ਦੀ ਹੈ। ਇਹ ਖੇਲ੍ਹ ਕੇ ਜਗਤ ਸ਼ਾਂਤੀ ਲਈ ਵਧੇਰੇ ਪ੍ਰਭਾਵ ਪਾ ਸਕਦਾ ਹੈ। ਗੀਤਾਂ ਵਿਚੋਂ ‘ਆਸ’, ‘ਮਾਏਂ ਨੀ ਮੇਰੀਆਂ ਵਾਲੀਆਂ’, ‘ਅੱਜ ਮੱਸਿਆ ਦੀ ਰਾਤ’ ਤੇ ‘ਮੇਰੇ ਹਾਣ ਦੀਆਂ ਮਾਏਂ ਨੀ ਧਰੇਕਾਂ’ ਲੋਕ ਗੀਤਾਂ ਦੀਆਂ ਧਾਰਨਾ ਤੇ ਹਨ ਅਤੇ ਪਰਭਾਵ ਵੀ ਪੁਰਾਣਿਆਂ ਗੀਤਾਂ ਦਾ ਕਾਇਮ ਰਖਦਿਆਂ ਕਵੀ ਨੇ ਨਵੇਂ ਖਿਆਲ ਆਖੇ ਹਨ। ਕਵੀ ਨੇ ਉਰਦੂ ਦੇ ਕਾਵਿਰਰੂਪ ਗਜ਼ਲ ਤੇ ਵੀ ਕਾਫੀ ਸਫਲਤਾ ਨਾਲ ਹੱਥ ਅਜ਼ਮਾਇਆ ਹੈ।

-੭-