ਪੰਨਾ:ਚਾਰੇ ਕੂਟਾਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇਠਾ ਚਰਨ ਫੜ ਕੇ ਨੈਣੀ ਭਰ ਹੰਝੂ,
ਕਹਿਣ ਲੱਗਾ ਨਾ ਕਰੋ ਹੈਰਾਨ ਪ੍ਰੀਤਮ।
ਕਿਹੜੇ ਜਨਮ ਮੈਂ ਦਿਆਂਗਾ ਇਹ ਦੇਣੇ,
ਐਨੇ ਸਿਰ ਨਾ ਚਾੜ੍ਹੋ ਅਹਿਸਾਨ ਪ੍ਰੀਤਮ।
ਮੈਂ ਨਿਮਾਣੇ ਨੂੰ ਜਿਹੜਾ ਨਿਵਾਜ ਰਹੇ ਹੋ,
ਮੈਂ ਅਗਿਆਨ ਨੂੰ ਨਹੀਂ ਗਿਆਨ ਪ੍ਰੀਤਮ।
ਤੁਸਾਂ ਬਾਝ ਮੈਂ ਨੂਰ ਤੋਂ ਸਖਣਾ ਹਾਂ,
ਕਰਸਾਂ ਜਗਤ ਦੀ ਕਿਵੇਂ ਕਲਿਆਨ ਪ੍ਰੀਤਮ।


ਮੈਂ ਤੇ ਜਾਮੇ ਤੋਂ ਪਾਟੀ ਹੋਈ ਲੀਰ ਹੀ ਹਾਂ,
ਮੈਨੂੰ ਪਗ ਜੇਹਾ ਮਾਨ ਦੇ ਰਹਿਓ।
ਚਰਨਧੂੜ ਦਾ ਹਾਂ ਮੈਂ ਇਕ ਜ਼ੱਰਾ,
ਮੈਨੂੰ ਲਾਲ ਜੇਡੀ ਸ਼ਾਨ ਦੇ ਰਹਿਓ।


ਨਜ਼ਰ ਮਿਹਰ ਦੀ ਪਾ ਕੇ ਤੁਠਿਓ ਜੇ,
ਦੇਵੋ ਵਰ ਮੈਨੂੰ ਰਹਵਾਂ ਦਾਸ ਹੋ ਕੇ।
ਕਾਇਨਾਤ ਚੋਂ ਤੁਸਾਂ ਦਾ ਰੂਪ ਵੇਖਾਂ,
ਵਸ ਜਾਓ ਅੰਦਰ ਸ੍ਵਾਸ ਸ੍ਵਾਸ ਹੋ ਕੇ।
ਸਦਾ ਪਿਆਰ ਭੰਡਾਰੇ ਨੂੰ ਵੰਡਦਾ ਰਹਾਂ,
ਅਤੇ ਵਿਚਰਾਂ ਤੁਸਾਂ ਦੀ ਰਾਸ਼ ਹੋ ਕੇ।
ਆਦਰ, ਮਾਨ ਕਰਦਾ ਰਹਵਾਂ ਸੰਗਤਾਂ ਦਾ,
'ਪਿਆਰ-ਪਰਚਿਓਂ' ਨਿਕਲਾਂ ਪਾਸ ਹੋ ਕੇ।


ਪਾਣੀ ਰਹਵਾਂ ਢੋਂਦਾ ਪੱਖਾ ਸਦਾ ਫੇਰਾਂ,
ਤੇਰੀ ਸ਼ਰਨ ਆਈਆਂ ਹੋਈਆਂ ਸੰਗਤਾਂ ਦਾ।

- ੧੬ -