ਪੰਨਾ:ਚਾਰੇ ਕੂਟਾਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਠੋ ਉਠ ਕੇ ਆਪਣਾ ਆਪ ਵੇਖੋ,
ਏਸੇ ਵਿਚ ਹੈ ਜ਼ਿੰਦਗੀ ਸਾਰਿਆਂ ਦੀ।
ਬਣ ਜਾਓ ਇਕ ਵਹਿਣ ਵਿਸ਼ਾਲਤਾ ਦਾ,
ਰੋਕ ਰਹੇ ਨਾ ਜਿਨੂੰ ਕਿਨਾਰਿਆਂ ਦੀ।
ਮੰਜ਼ਲ ਵਲ ਟੁਰਨਾ ਉਠੋ ਚਜ ਸਿਖੋ,
ਕੀਮਤ ਕੋਈ ਨਹੀਂ ਜਗ ਵਿਚ ਹਾਰਿਆਂ ਦੀ।
ਸਿਖੋ ਖੇਡਣਾ ਤਲੀ ਤੇ ਸੀਸ ਧਰ ਕੇ,
ਰਾਹ ਮਿਲੇਗੀ ਫੇਰ ਦਵਾਰਿਆਂ ਦੀ।

ਦਿਲਬਰ ਦਿਲ ਦੇ ਦਾਗ਼ ਚੋਂ ਦੇਖ ਲਏਗਾ,
ਔਲੱਖ ਕੌਣ ਇਹ ਜੋਗੀ ਜਗਾਨ ਆਇਆ?
ਰਹੂ ਸੋਚਦਾ ਆਪਣੇ ਆਪ ਦੇ ਵਿਚ,
ਇਹ ਇਨਸਾਨ ਆਇਆ ਜਾਂ ਭਗਵਾਨ ਆਇਆ?

ਬੜੀ ਜ਼ਿੰਦਗੀ ਏ ਬੜਾ ਕੁਝ ਕਰਨੈ,
ਪਹਿਲੇ ਸਬਕ ਤੇ ਹੀ ਢੇਰੀ ਢਾ ਰਹੇ ਹੋ।
ਚਾਨਣ ਦੇਣਾ ਏਂ ਤੁਸਾਂ ਜਹਾਨ ਤਾਈਂ,
ਹੁਣੇ ਝਖੜਾਂ ਵਲੋਂ ਘਬਰਾ ਰਹੇ ਹੋ।
ਆਸ ਲੈਣੀ ਏ ਤੁਸਾਂ ਤੇ ਪਹੁ ਕੋਲੋਂ,
ਤੁਸੀਂ ਹੁਣੇ ਹੀ ਭੈਰਵੀ ਗਾ ਰਹੇ ਹੋ।
ਤੁਸਾਂ ਤਾਜਾਂ ਨੂੰ ਪੈਰਾਂ 'ਚ ਰੋਲਣਾ ਏਂ,
ਉਲਟੇ ਆਪ ਪੈਰੀਂ ਵਿਛਦੇ ਜਾ ਰਹੇ ਹੋ।


ਪਿਆਰ-ਦਿਲਾਂ ਦੀ ਸਿਲ ਤੇ ਮੈਂ ਨਹੀਂ ਗਾ,
ਕਿਸੇ ਕੂੜ ਦਾ ਨਾਮ ਲਿਖਾਨ ਆਇਆ।

- ੨੦ -