ਪੰਨਾ:ਚਾਰੇ ਕੂਟਾਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਗੀਤ

ਗੀਤਕਾਰ ਹਾਂ ! ਮੈਂ, ਜ਼ਿੰਦਗੀ ਦੇ ਗੀਤ ਲਿਖਦਾ ਹਾਂ।
ਕਿਸੇ ਦੀ ਹਾਰ ਲਿਖਦਾ ਹਾਂ, ਕਿਸੇ ਦੀ ਜੀਤ ਲਿਖਦਾ ਹਾਂ।
ਮੇਰੇ ਗੀਤਾਂ 'ਚ ਹਰ ਇਨਸਾਨ ਦੇ ਲਈ ਪ੍ਰੀਤ ਹੁੰਦੀ ਏ।
ਮਿਲਾਪੀ ਨਿੱਘ ਹੁੰਦਾ ਏ, ਆਸ ਦੀ ਸੀਤ ਹੁੰਦੀ ਏ।
ਸਚਾਈ ਤੋਂ ਬਿਨਾਂ ਮੈਂ, ਬਦਲਾਂ ਦੇ ਗੀਤ ਨਹੀਂ ਗਾਏ।
ਸ਼ਰੇ ਬਾਜ਼ਾਰ ਆ ਕੇ ਮੈਂ, ਵਿਕਾਊ ਕਦੇ ਨਹੀਂ ਲਾਏ।
ਮੇਰੇ ਨੇ ਗੀਤ ਓਹਨਾਂ ਵਾਸਤੇ, ਜੋ ਪਿਆਰ ਚਾਹੁੰਦੇ ਨੇ।
ਤੇ ਜਿਹੜੇ ਜ਼ਿੰਦਗੀ ਨੂੰ, ਵੇਖਣਾ ਗੁਲਜ਼ਾਰ ਚਾਹੁੰਦੇ ਨੇ ।
ਮਿਰੇ ਗੀਤ ਕਾਲੀਆਂ ਰਾਤਾਂ ਵਿਚ, ਅੰਗਿਆਰ ਬਣਦੇ ਨੇ।
ਕਦੇ ਇਹ ਢਾਲ ਬਣਦੇ ਨੇ, ਕਦੇ ਤਲਵਾਰ ਬਣਦੇ ਨੇ।
ਲਾਉਂਦਾ ਮਹਿਫਲਾਂ ਵਿਚ, ਰੰਗ ਦਿਸਦਾ ਰੰਗ ਏਨ੍ਹਾਂ ਦਾ।
ਲਾਉਂਦਾ ਮੌਤ ਨੂੰ ਕਾਂਬਾ, ਲੜਨ ਦਾ ਢੰਗ ਏਨ੍ਹਾਂ ਦਾ।
ਸੁਣ ਕੇ ਤਾਨ ਇਹਨਾਂ ਦੀ, ਪਵੇ ਤਲਵਾਰ ਨੂੰ ਝੁਕਣਾ।
ਜਦੋਂ ਘੁਮਕਾਰ ਬਣਦੇ ਨੇ, ਪਵੇ ਤੁਫਾਨ ਨੂੰ ਰੁਕਣਾ।
ਮੇਰੇ ਇਹ ਗੀਤ ਕਦੇ, ਕਿਸੇ ਤੋਂ ਕਈ ਦਾਨ ਨਹੀਂ ਮੰਗਦੇ।
ਵਾਰਸ ਕਰਾਮਾਤਾਂ ਦੇ, ਬਣੋਟੀ ਸ਼ਾਨ ਨਹੀਂ ਮੰਗਦੇ।
ਮੇਰੇ ਇਹ ਗੀਤ ਕੁਚਲੇ ਹੋਇਆਂ ਦਾ, ਪਰਚਾਰ ਕਰਦੇ ਨੇ।
ਅਜੇ ਅਣਜਾਣ ਨੇ ਫਿਰ ਵੀ ਸਹੀ ਇਕਰਾਰ ਕਰਦੇ ਨੇ।
ਜਾਦੂ ਸ਼ੁਹਰਤਾਂ ਦਾ ਕੋਈ, ਇਨ੍ਹਾਂ ਤੇ ਚਲ ਨਹੀਂ ਸਕਦਾ।
ਲਸ਼ਕਰ ਸਰ-ਫਰੋਸ਼ਾਂ ਦਾ, ਕੋਈ ਵੀ ਠਲ੍ਹ ਨਹੀਂ ਸਕਦਾ।

- ੩੮ -