ਪੰਨਾ:ਚਾਰੇ ਕੂਟਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸੁਪਨੇ ਵੇਖਦੇ ਰਹਿੰਦੇ, ਸਦਾ ਹੀ ਨਵੇਂ ਮੀਤਾਂ ਦੇ।
ਤਰੱਨਮ ਰਹੇ ਨੇ ਦੇਂਦੇ, ਲਿਖਣ ਲਈ ਗੀਤ ਪ੍ਰੀਤਾਂ ਦੇ।
ਚਰਚੇ ਲੈ ਕੇ ਅੱਪੜੇ ਨੇ, ਇਹ ਸੰਸਾਰ ਸਾਰੇ ਤੇ।
ਇਹਨਾਂ ਜ਼ਿੰਦਗੀ ਨੂੰ ਹੈ, ਨਚਾਇਆ ਨਾਚ ਪਾਰੇ ਤੇ।
ਫੁਲਾਂ ਦੀ ਮੁਸਕਰਾਹਟ ਨੂੰ,ਇਹ ਕੰਡਿਆਂ ਤੋਂ ਬਚਾਉਂਦੇ ਨੇ।
ਇਹ ਦੀਵੇ ਝਖੜਾਂ ਵਿਚ,ਪਿਆਰ ਆਪਣੇ ਦੇ ਜਗਾਉਂਦੇ ਨੇ।
ਸੁਰ ਹੈ ਧੜਕਨਾਂ ਚੋਂ, ਹੋ ਗਈ ਬਲਵਾਨ ਇਹਨਾਂ ਦੀ।
ਪਰੋਂਦੀ ਹਾਸਿਆਂ ਨੂੰ, ਤਾਰ ਦੇ ਵਿਚ ਤਾਨ ਇਹਨਾਂ ਦੀ।
ਇਹ ਮੇਰੇ ਗੀਤ ਸੱਚੇ ਨੇ, ਨਹੀਂ ਝੁਠਲਾਏ ਜਾ ਸਕਦੇ।
ਜ਼ਿੰਦਗੀ ਜੀਊਣ ਲਈ ਮੰਗਦੇ,ਨਹੀਂ ਪਰਚਾਏ ਜਾ ਸਕਦੇ।
ਮੈਂ ਨਹੀਂ ਸੁਣ ਸਕਦਾ ਰਾਗਣੀ ਤੇ, ਸਾਜ਼ ਦਾ ਰੋਣਾ।
ਹਰ ਇਕ ਮਿਹਨਤੀ ਦੀ, ਅੱਖ 'ਚੋਂ ਸਵਰਾਜ ਦਾ ਰੋਣਾ।
ਮੇਰੇ ਇਹ ਗੀਤ ਲੋਕ ਤੁਸਾਂ ਦੀ ਲਲਕਾਰ ਬਣ ਗਏ ਨੇ।
ਤੁਹਾਡੀ ਆਤਮਾ ਦੇ ਨਾਲ ਹੀ, ਬਲਕਾਰ ਬਣ ਗਏ ਨੇ।
ਮੇਰੇ ਇਹ ਗੀਤ ਜੇ ਰੋਏ, ਨਵੇਂ ਇਨਸਾਨ ਨੇ ਰੋਣੈ।
ਆਉਂਦੀ ਰੁਤ ਨੇ ਰੋਣੈ, ਅਤੇ ਸੁੰਨਸਾਨ ਨੇ ਰੋਣੈ।
ਆਪਣੇ ਗੀਤ ਕਿਧਰੇ, ਭੁੱਲ ਕੇ ਵੀ ਨਾ ਰੁਵਾ ਬਹਿਣੇ।
ਕਿਤੇ ਤੂਫਾਨ ਵਿਚ ਪਤਵਾਰ, ਨਾ ਹਥੋਂ ਗਵਾ ਬਹਿਣੇ।
ਜੇ ਕਰ ਗੀਤ ਇਹ ਸਹਿਮੇ, ਤੁਸਾਂ ਮੁੜ ਹੱਸ ਨਹੀਂ ਸਕਣਾ।
ਹੋਏ ਬਰਬਾਦ ਇਹ ਜੇ ਕਰ, ਤੁਸਾਂ ਮੁੜ ਵੱਸ ਨਹੀਂ ਸਕਣਾ।
ਤਰੱਕੀ ਕਿਸੇ ਭੇੜੇ ਵਕਤ ਦਾ, ਹੀ ਖ਼ਾਬ ਰਹਿ ਜਾਏਗੀ।
ਕਾਲੀ ਸ਼ਾਜਸ਼ਾਂ ਉਤੇ, ਪਈ ਨਕਾਬ ਰਹਿ ਜਾਏਗੀ।
ਮੂੰਹ ਤੇ ਆਈ ਨਹੀਂ ਫਿਰ, ਕਿਸੇਤੋਂ ਫਰਿਆਦ ਹੋ ਸਕਣੀ।
ਜੋ ਖੋਲੇ ਹੋ ਗਈ ਵਸੋਂ, ਨਹੀਂ ਆਬਾਦ ਹੋ ਸਕਣੀ।

- ੩੯ -