ਪੰਨਾ:ਚਾਰੇ ਕੂਟਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਤੇ ਦੇਣਾ ਸੌਖ ਹੈ, ਪਰ ਮੁਸ਼ਕਲ ਘਾਲਾਂ,
ਹੁਸਨ ਜਵਾਨੀ ਪਾਲਦਾ ਨਹੀਂ ਹਾਈਂ ਮਾਈਂ।
ਕੰਮੀ ਮੇਰੇ ਸ਼ਾਇਰ ਵੀ ਅਤੇ ਕੁਲ ਲਿਖਾਰੀ,
ਭੁੱਖੇ ਨੰਗੇ ਕਿਸੇ ਨੇ ਨਹੀਂ ਕਲਮ ਉਠਾਣੀ।
ਮੇਰੇ ਬਾਝੋਂ ਸੋਹਣੀਏ, ਨੀ ਸਭ ਮਦਾਰੀ,
ਗਲੀਂ ਬਾਤੀਂ ਜਾਣਦੇ ਹੀ ਹਵਾ ਉਡਾਣ।
ਸੋਚ ਖਾਂ ਜ਼ਰਾ ਭੋਲੀਏ ਬਦਲਾਂ ਵਿਚ ਰਹਿਸੇਂ?
ਜਾਂ ਓਸ ਅਟਾਰੀ ਰਹੇਂਗੀ ਜੋ ਮੈਂ ਬਨਾਣੀ।
ਫੁਲ ਦਾ ਜਿਗਰ ਲਹਿਰ ਤੇ ਖਾਵਣ ਲਈ ਬਹਿਸੇਂ?
ਭੁਖੀ ਨੂੰ ਨਾ ਕਿਸੇ ਨੇ ਕਹਿਣਾ ਚੁਧਰਾਣੀ।
ਅੰਗੜਾਈ ਲਈ ਮੁਟਿਆਰ ਨੇ ਤੇ ਖਿੜ ਖਿੜ ਹੱਸੀ,
ਕਹਿੰਦੀ ਸੁਤਾ ਜਾਗਿਆ ਮੇਰਾ ਚਿਰ ਦਾ ਸਵਾਮੀ।
ਪੂੰਜੀਦਾਰਾਂ ਵਿਹਲੜਾਂ ਮੈਨੂੰ ਬੰਨ੍ਹਿਆ ਰੱਸੀ,
ਸ਼ਾਇਰ, ਲਿਖਾਰੀ ਬਣ ਗਏ ਮਿਰੇ ਝੂਠੇ ਹਾਮੀ।
ਤਾਕਤ ਮਿਹਨਤ ਜਿਸ ਦੀ ਹੈ ਜਗਤ ਵਸਾਇਆ,
ਜਿਸ ਦੇ ਡੌਲੇ ਫਰਕਿਆਂ ਮੈਨੂੰ ਵੀ ਢੋਈ।
'ਅਮਰ' ਮੇਰੇ ਭਰਮ ਤੋਂ ਜਿਸ ਪਰਦਾ ਲਾਹਿਆ,
ਪਾਲੇ ਜਿਹੜਾ ਹੁਸਨ ਨੂੰ ਮੈਂ ਉਸ ਦੀ ਹੋਈ।

- ੪੪ -