ਪੰਨਾ:ਚਾਰੇ ਕੂਟਾਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸਾਖੀ ਪਿਛੋਂ

ਸੋਨਾ ਝੂਮਦਾ ਵੇਖ ਕੇ ਸਿਟਿਆਂ ਤੇ,
ਆਈਆਂ ਜੱਟੀਆਂ ਦੇ ਮੂੰਹ ਤੇ ਲਾਲੀਆਂ ਨੇ।
ਪਸ਼ੂ ਕਰਨ ਉਗਾਲੀਆਂ ਬੈਠ ਛਾਵੇਂ,
ਧੂਫਾਂ ਕਢੀਆਂ ਹਲਾਂ ਪੰਜਾਲੀਆਂ ਨੇ।
ਢੋਲ ਮੇਲਿਆਂ ਦੇ ਵਜੇ ਹਰ ਪਾਸੇ,
ਪਿੜੀਂ ਭੰਗੜੇ, ਦਾਇਰੀਂ ਕਵਾਲੀਆਂ ਨੇ।
ਜੱਟਾਂ ਦੰਦੇ ਕਢਾ ਲਏ ਦਾਤੀਆਂ ਦੇ,
ਚਾਰੇ ਸ਼ੀਹੋ ਰੰਬੇ ਆ ਕੇ ਪਾਲੀਆਂ ਨੇ।

ਵਸੇ ਥਾਂ ਥਾਂ ਪਿੰਡ ਖਲਵਾੜਿਆਂ ਦੇ,
ਭਾਗਾਂ ਭਰੀ ਵਿਸਾਖੀ ਨੇ ਪੈਰ ਪਾਇਆ।
ਸਿਫਤਾਂ ਨਾਲ ਮਰਾਸੀਆਂ ਪੁਲ ਬੱਧੇ,
ਸਖੀ ਹੱਥਾਂ ਨੇ ਖੁਲ੍ਹ ਕੇ ਖੈਰ ਪਾਇਆ।

ਰਾਹ ਰਹਿਣ ਲੱਗੇ ਗਾਹ ਗਹਿਣ ਲੱਗੇ,
ਬੋਹਲ ਆਸਾਂ ਦੇ ਲਗਣੇ ਸ਼ੁਰੂ ਹੋ ਗਏ।
ਕਲਰ ਲੱਗਾ ਸੀ ਜਿਨ੍ਹਾਂ ਭੜੋਲੀਆਂ ਨੂੰ,
ਦਾਣੇ ਉਨ੍ਹਾਂ 'ਚੋਂ ਵਗਣੇ ਸ਼ੁਰੂ ਹੋ ਗਏ।

-੫੧-