ਪੰਨਾ:ਚਾਰੇ ਕੂਟਾਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਹਿੱਕ ਤੇ ਨੱਚਣ ਬੁਗਤੀਆਂ, ਤੇ ਸਗਲੇ ਦੇਂਦੇ ਤਾਲ।
ਮੈਨੂੰ ਵੇਲ ਕਰਾ ਗਏ ਜ਼ਿੰਦਗੀ, ਕਈ ਰਾਂਝੇ ਤੇ ਮਹੀਂਵਾਲ।
ਮੈਨੂੰ ਵੇਖ ਕੇ ਤੀਆਂ ਖੇਡਦੀ, ਵੱਸ ਪੈਂਦੇ ਬੀਆਬਾਨ-
ਮੈਂ ਮੁਟਿਆਰ...

ਮੇਰੇ ਸੋਨਿਓਂ ਸੋਹਣੇ ਦਿਨ ਨੇ, ਤੇ ਚਾਂਦੀਓਂ ਗੋਰੀ ਰਾਤ।
ਮੇਰੇ ਚੋਂਕੇ ਬਰਕਤ ਬੋਲ੍ਹਦੀ, ਇਹ ਢੋਡੇ ਸਾਗ ਸੁਗਾਤ।
ਰਾਹ ਪਏ ਮੁਸਾਫਰ ਰੋਕ ਲਏ, ਮੇਰੀ ਵੰਗਾਂ ਦੀ ਛਣਕਾਨ-
ਮੈਂ ਮੁਟਿਆਰ...

ਮੇਰੇ ਦੇਸ਼ 'ਚ ਮੰਦਰ ਸ਼ਿਵਾਂ ਦੇ, ਤੇ ਗਿਰਜੇ ਪਾਕ ਮਸੀਤ।
ਮੈਨੂੰ ਬਖਸ਼ਿਸ਼ ਨਾਨਕ ਗੁਰੂ ਦੀ, ਮੇਰੀ ਕੁਦਰਤ ਨਾਲ ਪ੍ਰੀਤ
ਮੇਰੇ ਦੇਸ਼ ਨੂੰ ਦੁਨੀਆ ਜਾਣਦੀ, ਹੈ ਪਿਆਰਾਂ ਦਾ ਅਸਥਾਨ-
ਮੈਂ ਮੁਟਿਆਰ...

ਸਿਰ ਪਈ ਮੁਸੀਬਤ ਵੇਖ ਕੇ, ਤਲਵਾਰ ਨੂੰ ਦੇਵਾਂ ਤਾ।
ਕਈ ਭਾਗੋ ਭੈਣਾਂ ਮੇਰੀਆਂ, ਕਈ ਪੋਰਸ ਮਿਰੇ ਭਰਾ।
ਮੈਂ 'ਅਮਰ' ਬਚਾਉਂਦੀ ਆਬਰੂ, ਹੋ ਜਾਵਾਂ ਲਹੂ ਲੁਹਾਨ-
ਮੈਂ ਮੁਟਿਆਰ...

-੬੧-