ਪੰਨਾ:ਚਾਰੇ ਕੂਟਾਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦੀ ਦੁਨੀਆ ਤੀਕ ਅਟੱਲ ਰਹਿਗਾ,
ਪੰਜਵੇਂ ਵੇਦ ਵਿਚ ਤੇਰਾ ਫੁਰਮਾਨ ਮੀਆਂ।
'ਮੋਤੀ ਦਬੀਏ ਨਾ', 'ਫੁੱਲ ਸਾੜੀਏ ਨਾ',
ਕੀਤਾ ਜਗ ਨੂੰ ਸਦਾ ਗਿਆਨ ਮੀਆਂ।
'ਟੁੱਟੇ ਜਾਨ ਦਾ ਜਿੰਦਰਾ ਭੇਤ ਰਹਿ ਜਾਏ,
ਦਸੀ ਆਸ਼ਕਾਂ ਦੀ ਏਵੇਂ ਸ਼ਾਨ ਮੀਆਂ।
'ਦੁੱਧਾਂ ਬਾਝ ਨਹੀਂ ਕਦੇ ਵੀ ਖੀਰ ਰਿੱਝੀ',
'ਮੁਰਸ਼ਦ ਬਿਨਾਂ ਨਾ ਰਾਹ ਆਸਾਨ ਮੀਆਂ।'

ਬਹਿ ਕੇ ਡੋਲੀ 'ਚ ਹੀਰ 'ਚੋਂ ਬੋਲਿਆ ਤੂੰ,
'ਲੈ ਚੱਲੇ ਵੇ ਬਾਬਲਾ ਲੈ ਚੱਲੇ।'
'ਲੈ ਵੇ ਰਾਂਝਿਆ ਰੱਬ ਨੂੰ ਸੌਂਪਿਆ ਤੂੰ,
ਅਸੀਂ ਖੇੜਿਆਂ ਦੇ ਵਸ ਪੈ ਚੱਲੇ।

ਹੀਰ ਰਾਂਝੇ ਦੀ ਹੋ ਕੇ ਨਾ ਹੋ ਸਕੀ,
ਵਾਰਸ ਤੂੰ ਪਰ ਹੀਰ ਦਾ ਹੋ ਗਿਆ ਏਂ।
ਲਹਿਰਾਂ ਦੇਣ ਗਵਾਹੀ ਝਨਾਂ ਦੀਆਂ,
ਸਾਰੇ ਐਬ ਨਿਮਾਣੀ ਦੇ ਧੋ ਗਿਆ ਏਂ।
ਓਥੇ ਕੀਮਤਾਂ ਪਈਆਂ ਨੇ ਫਕਰ ਦੀਆਂ,
ਕਾਸਾ ਤੋੜ ਕੇ ਜਿਥੇ ਖਲੋ ਗਿਆ ਏਂ।
ਪੜ੍ਹਿਆਂ ਮਹਿਫਲਾਂ ਵਿਚ ਖੁਸ਼ਬੋ ਖਿਲਰੇ,
ਵਾਂਗ ਮੋਤੀਆਂ ਬੈਂਤ ਪਰੋ ਗਿਆ ਏਂ।

ਅਸਲ ਵਿਚ ਕਹਾਣੀ ਇਹ ਹੋਰ ਹੀ ਸੀ,
ਅੱਜ-ਪੱਜ ਪਾ ਕੇ ਸਾਰੀ ਕਹਿ ਗਿਆ ਏਂ।
'ਭਾਗ ਭਰੀ' ਦੀ ਅੱਖ ਦਾ ਸੀ ਪਾਣੀ,
ਜਿਹਨੂੰ ਜਾਣ ਝਨਾਂ ਤੂੰ ਵਹਿ ਗਿਆ ਏਂ।

-੬੬-