ਪੰਨਾ:ਚਾਰੇ ਕੂਟਾਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੜ ਕੇ ਕਿਸੇ ਦੇ ਡੌਲੇ, ਥਾਪੀ ਕਿਸੇ ਸੀ ਮਾਰੀ।
ਛੁਰੀਆਂ ਕਿਸੇ ਲਵਾਈਆਂ, ਗੈਰਤ ਕਿਸੇ ਵੰਗਾਰੀ।
ਸੁੱਕੇ ਬਰੂਦ ਤਾਈਂ ਤੀਲੀ ਜਦੋਂ ਵਿਖਾ ਕੇ
ਸੁੱਤੀ ਕਲਾ ਚਿਰਾਂ ਦੀ ਪਲ ਵਿੱਚ ਕਿਸੇ ਜਗਾਈ।
ਵਧਿਆ ਸਗੋਂ ਹਨੇਰਾ ਚਾਨਣ ਬੇ-ਨੂਰ ਹੋਏ।
ਝੁਗੀਆਂ 'ਚ ਰਹਿਣ ਵਾਲੇ,
ਮਹਿਲਾਂ 'ਚ ਰਹਿਣ ਵਾਲੇ,
ਛਡਣ ਲਗੇ ਬਰੂਹਾਂ ਨਜ਼ਰਾਂ ਉਠਾ ਨਾ ਸਕੇ
ਸੋਚਾਂ 'ਚ ਡੋਬੂ ਖਾਂਦੇ ਬੇੜੀ ਦਾ ਪੂਰ ਹੋਏ।

ਮਿਰਜ਼ੇ ਤੇ ਸਾਹਿਬਾਂ ਦੇ ਲੁਕਵੇਂ ਮਿਲਾਪ ਝੁਲਸੇ।
ਸੰਤਾਂ ਮਹਾਤਮਾਂ ਦੇ ਪੀਰਾਂ ਤੇ ਮਰਸ਼ਦਾਂ ਦੇ,
ਰੱਬ ਦੀ ਰਜ਼ਾ 'ਚ ਛੋਹੇ ਸਾਂਝੇ ਅਲਾਪ ਝੁਲਸੇ।
ਹੋਤਾਂ ਦੇ ਵੱਸ ਪੁੰਨੂੰ, ਦੁੱਖਾਂ ਦੇ ਵੱਸ ਸੱਸੀ।
ਖੁਰਿਆਂ ਦੀ ਚੁੱਕ ਮਿਟੀ ਵਿਚ ਮਾਂਗ ਦੇ ਸੀ ਪਾਂਦੀ,
ਜਾਣੇ ਨਾ ਥਾਂ ਟਿਕਾਣਾ ਝੱਲੀ ਹੋ ਜਾਏ ਨੱਸੀ।

ਪੈਰਾਂ 'ਚ ਰੁਲ ਗਈਆਂ ਖੇੜੇ ਦੀਆਂ ਬਹਾਰਾਂ।
ਰੀਝਾਂ ਅਗਿਣਤ ਲੈ ਕੇ ਜਜ਼ਬੇ ਬੇਅੰਤ ਲੈ ਕੇ,
ਖੂਹਾਂ 'ਚ ਮਾਰ ਛਾਲਾਂ,
ਅਣਖਾਂ ਨੂੰ ਹੋਰ ਧੋਤਾ ਡੋਲੇ ਦਿਆਂ ਸ਼ਿੰਗਾਰਾਂ।
ਲਾੜੇ ਦੇ ਲਹੂ 'ਚ ਡੁੱਬੇ ਘੋੜੀ ਦੇ ਪੈਰ ਚਾਰੇ।
ਮਿੰਟਾਂ ਦੇ ਵਿਚ ਟੁੱਟੇ, ਉਮਰਾਂ ਦੇ ਭਾਈਚਾਰੇ।

-੬੯-