ਪੰਨਾ:ਚੁਲ੍ਹੇ ਦੁਆਲੇ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਥੋਂ ਉਹ ਆਪਣੇ ਘਰ ਕੁਝ ਦਿਨਾਂ ਲਈ ਚਲਿਆ ਜਾਏਗਾ, ਆਪਣੀ ਬੁੱਢੀ ਮਾਂ ਕੋਲ, ਨਿਕੀ ਜਿਹੀ ਭੈਣ ਕੋਲ - ਜਿਹੜੀ ਹੁਣ ਬੋਲਣ ਲਗ ਪਈ ਹੋਵੇਗੀ, ਆਪਣੇ ਵੱਡੇ ਭਰਾ ਕੋਲਜਿਹੜਾ ਹੁਣ ਉਹਨੂੰ ਕਦੇ ਮਾਰਨ ਨਹੀਂ ਲਗਾ-ਉਹਨਾਂ ਪਹਾੜਾਂ ਕੋਲ, ਤੇ ਚੀਲਾਂ ਦਿਓਦਾਰਾਂ ਕੋਲ, ਬੰਸਰੀਆਂ ਤੇ ਬਕਰੀਆਂ ਕੋਲ......
ਉਹ ਰੋਜ ਜਾਣ ਦੇ ਦਿਨ ਗਿਣਦਾ ਰਹਿੰਦਾ । ਮਾਲਕਾਂ ਦੇ ਛੋਟੇ ਮੁੰਡੇ ਲਾਲ ਨੂੰ ਰੋਜ਼ ਪੂਛ ਛਡਦਾ ਕਿ ਉਹਦਾ ਸਕੂਲ ਕਦੋਂ ਬੰਦ ਹੋਣਾ ਹੈ, ਕਿਉਂਕਿ ਘਰ ਵਿਚ ਸਾਰੇ ਉਹਦੀਆਂ ਛੁੱਟੀਆਂ ਨੂੰ ਹੀ ਉਡੀਕ ਰਹੇ ਸਨ।
ਜਿਸ ਕੁਆਟਰ ਵਿਚ ਉਹ ਹੋਰ ਨੌਕਰਾਂ ਨਾਲ ਰਹਿੰਦਾ ਸੀ, ਉਹ ਦੀ ਕੰਧ ਤੇ ਉਹਨੇ ਸਤ ਲਕੀਰਾਂ ਉਕਰ ਛਡੀਆਂ ਸਨ, ਸਤ ਦਿਨ ਜਾਣ ਵਿਚ ਰਹਿੰਦੇ ਸਨ । ਤੇ ਉਹ ਹਰ ਦਿਨ ਦੇ ਬੀਤਨ ਨੂੰ ਬੜੀ ਤਾਂਘ ਨਾਲ ਉਡੀਕਦਾ ਰਹਿੰਦਾ, ਤੇ ਰਾਤ ਨੂੰ ਜਦੋਂ ਭਾਂਡੇ ਮਾਂਜ ਕੇ ਕੁਤੇ ਨੂੰ ਦੁਧ ਪਿਆ ਕੇ ਉਹ ਸੌਣ ਜਾਂਦਾ ਤਾਂ ਮਿਟੀ ਦਾ ਦੀਵਾ ਬਾਲ ਕੇ ਆਪਣੇ ਕੁਆਟਰ ਦੀ ਕੰਧ ਤੋਂ ਇਕ ਲਕਰ ਮਿਟਾ ਛਡਦਾ ।
ਇਕ ਦਿਨ ਸੌਣ ਲਗਿਆਂ ਉਹਨੂੰ ਖ਼ਿਆਲ ਆਇਆ, ਉਹਨੇ ਦੁਧ ਕਿੰਨੇ ਹੀ ਮਹੀਨੇ ਹੋ ਗਏ ਸਨ ਨਹੀਂ ਸੀ ਪੀਤਾ। ਇਕ ਵਾਰ ਦੁਧ ਧੁਆਂਖ ਗਿਆ ਸੀ ਤੇ ਮਾਲਕਾਣੀ ਨੇ ਉਹਨੂੰ ਇਕ ਗਲਾਸ ਦਿਤਾ ਸੀ । ਏਸ ਕਸੈਲੇ ਜਹੇ ਦੁਧ ਦਾ ਸੁਆਦ ਉਹਨੂੰ ਯਾਦ ਸੀ, ਪਰ ਨਰੋਏ ਠੀਕ ਦੁਧ ਦਾ ਸੁਆਦ ਉਹਨੂੰ ਵਿਸਰ ਗਿਆ ਸੀ-ਤੇ ਉਹ ਰੋਜ਼ ਸਵੇਰੇ ਦੁਧ ਬਜ਼ਾਰੋਂ ਲੈਣ ਜਾਂਦਾ ਸੀ...... ਤੇ ਫੇਰ ਉਹਨੂੰ ਆਪਣਾ ਪਿੰਡ ਯਾਦ ਆ ਗਿਆ, ਇਕ ਵਾਰ ਉਹਦੇ ਬੇਲੀਆਂ ਰਲ ਕੇ ਵਾਗੀ ਤੋਂ ਲੁਕ ਕੇ ਬਕਰੀਆਂ ਦੀਆਂ ਧਾਰਾਂ ਲਈਆਂ ਸਨ । ਭਾਵੇਂ ਏਨੇ ਵਰੇ ਹੋ ਗਏ ਸਨ... ਪਰ

੧੬੧