ਪੰਨਾ:ਚੁਲ੍ਹੇ ਦੁਆਲੇ.pdf/176

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸਨੂੰ ਇਹ ਪੱਕ ਸੀ, ਕਿ ਉਹਦਾ ਪੁਤ ਕਦੇ ਭਰਤੀ ਨਾ ਹੁੰਦਾ, ਜੇ ਸਰਕਾਰ ਉਹਨੂੰ ਜੋਰੋ ਜੋਰੀ ਨਾ ਲਿਜਾਂਦੀ।"ਨੌਕਰੀ ਕੀ ਸਾਨੂੰ ਤਾਰ ਦੂ —" ਉਹ ਕਈ ਵਾਰ ਆਖਦੀ ਹੁੰਦੀ। ਉਹ ਸਮਝਦੀ ਸੀ ਕਿ ਜਿਹੜੇ ਉਹਨਾਂ ਕੋਲ ਚਾਰ ਸਿਆੜ ਹਨ, ਉਹਨਾਂ ਵਿਚੋਂ ਉਹ, ਉਹਦਾ ਕਾਮਾ ਪੁਤ, ਹਾੜੀਆਂ ਤੇ ਸੌਣੀਆਂ ਨੂੰ ਸੂਤ ਕੇ ਦਾਣਿਆਂ ਨਾਲ ਕੋਠਾ ਭਰ ਲਿਆ ਕਰੇਗਾ। ਉਹਦੀ ਮੁਟਿਆਰ ਨੂੰਹ ਸੂਫ਼ ਦਾ ਘੱਗਰਾ ਤੇ ਨਰੀ ਦੀ ਨੋਕਾਂ ਵਾਲੀ ਜੁਤੀ ਪਾਕੇ ਠੁਮ ਠੁਮ ਕਰਦੀ ਉਹਨੂੰ ਖੇਤਾਂ ਵਿਚ ਰੋਟੀ ਦੇਣ ਜਾਇਆ ਕਰੇਗੀ। ਪਰ ਇਉਂ ਹੋ ਨਾ ਸੀ ਸਕਿਆ-ਸਰਕਾਰ ਨੇ ਉਹਨੂੰ ਤੇ ਉਹਦੇ ਪੁਤ ਨੂੰ ਨੰਬਰਦਾਰ ਦੀਆਂ ਅੱਖਾਂ ਚੋਂ ਲਾਲੀਆਂ ਤਾੜੀਆਂ ਤੇ ਥਾਣੇਦਾਰ ਦੇ ਮੂੰਹ ਵਿੱਚੋਂ ਗਾਹਲਾਂ ਕਢੀਆਂ ਸਨ: "ਹਰਾਮਜ਼ਾਦੀ ਬਕਤੀ ਹੈ......... ਸੂਰ ਕਾ ਬੱਚਾ...।" ਤੇ ਸਰਕਾਰ ਨੇ ਪਿੰਡ ਦੇ ਦਰਵਾਜੇ, ਪਰ੍ਹੇ ਦੇ ਸਾਹਮਣੇ, ਪੁਲਸ ਦੇ ਦੈਂਤਾਂ ਵਰਗੇ ਹਥਾਂ ਨਾਲ ਉਹਦੇ ਅਲੂੰਏ ਪੁਤ ਨੂੰ ਗਲ ਹਥ ਮਾਰ ਕੇ ਅਗੇ ਲਾ ਲਿਆ ਸੀ ਤੇ ਉਹ ਕਿੰਨਾ ਚਿਰ, ਭਰੇ ਹੋਏ ਗਚ ਨਾਲ, ਦੂਰ ਹੋਈ ਜਾਂਦੇ ਪੁਤ ਨੂੰ ਹਵਾ ਵਿਚ ਤੱਕਦੀ ਰਹੀ ਸੀ।

ਇਕ ਆਥਣੇ, ਚਰ੍ਹੀ ਦੀਆਂ ਪੂਲੀਆਂ ਸੁਟਣ ਲਈ ਤਾਈ ਜਦ ਕੋਠੇ ਚੜ੍ਹਨ 'ਲਗੀ, ਤਾਂ ਉਹਨੇ ਦੇਖਿਆ: ਕੋਠੇ ਉਤੇ, ਬੂਥੀਆਂ ਚੁੱਕੀ ਕੁੱਤੇ ਰੋ ਰੋ ਕੇ ਲਿਟਾਂ ਤੋੜ ਰਹੇ ਹਨ। ਤਾਈ ਨੂੰ ਜਾਪਿਆਂ, ਜਿਵੇਂ ਦੁਨੀਆਂ ਉਤੇ ਕਾਲ ਮੂੰਹ ਅੱਡੀ ਖਲੋਤਾ ਹੈ! ਉਹਦਾ ਵਿਸ਼ਵਾਸ ਸੀ ਕਿ ਕਾਲ ਕੁਤਿਆਂ ਨੂੰ ਪਹਿਲ ਦਿਸ ਪੈਂਦਾ ਹੈ- ਜੇ ਕੁੱਤੇ ਰੋਂਦੇ ਹੋਣ ਤਾਂ ਦੁਨੀਆਂ ਤੇ ਜ਼ਰੂਰ ਕੋਈ ਕਹਿਰ ਟੁਟਣਾ ਹੁੰਦਾ ਹੈ। ਤੇ ਤਾਈ ਨਹੀਂ ਸੀ ਚਾਹੁੰਦੀ ਕਿ ਉਸਨੂੰ ਹੁਣ ਜਹਾਨ ਉਤੇ ਕਿਸੇ ਵੀ ਕਹਿਰ ਦੀ ਸੋਅ ਪਵੇ। ਉਹਨੇ ਕਾਠ

੧੮੫