ਪੰਨਾ:ਚੁਲ੍ਹੇ ਦੁਆਲੇ.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਟੁਕੜਾ ਚੰਘਿਆੜ ਕੇ ਧਰਤੀ ਉਤੇ ਲੋਟਣੀਆਂ ਲੈਣ ਲਗਾ ......ਤੇ ਤਾਈ ਦੀਆਂ ਅੱਖਾਂ ਅਗੇ ਹਨੇਰਾ ਆ ਗਿਆ, ਉਸਦੇ ਘਰ ਉਤੇ ਸੂਰਜ ਡੁਬ ਗਿਆ ਸੀ ।
'ਦੂਜੀ ਜੰਗ ਕਰਤਾਰ ਨੂੰ ਲੈ ਗਈ-ਤੀਜੀ ਜੰਗ ਹੁਣ ਫੇਰ ਮੂੰਹ ਅਡੀਂ ਖਲੋਤੀ ਹੈ...!' ਇਸ ਖ਼ਿਆਲ ਨਾਲ ਤਾਈ ਦੇ ਪੁਰਾਣੇ ਸਰੀਰ ਉਤੇ ਹੌਲ ਦੀਆਂ ਕੰਬਣੀਆਂ ਤੁਰਨ ਲਗੀਆਂ । ਬਲਵੰਤ- ਉਹਦੇ ਘਰ ਦਾ ਦੀਵਾ-ਤੇ ਤਾਈ ਚਾਹੁੰਦੀ ਸੀ : ਰਹਿੰਦੀ ਦੁਨੀਆਂ ਤਕ ਉਹਦੇ ਘਰ ਵਿਚ ਦੀਵਾ ਬਲਦਾ ਰਹੇ।
ਤਾਈ ਨੇ ਆਪਣੇ ਅੰਗੂਠੇ ਵਲ ਗੰਭੀਰ ਤੇ ਨਿਰਣੇਭਰੀਆਂ ਨਜ਼ਰਾਂ ਨਾਲ ਦੇਖਿਆ, ਤਾਈ ਦੀਆਂ ਅੱਖਾਂ ਮੁਸਕ੍ਰਾਈਆਂ, ਜਿਵੇਂ ਖਿਜ਼ਾਂ ਦੇ ਅਖ਼ੀਰ ਉਤੇ ਬਹਾਰ ਦਾ ਪਹਿਲਾ ਬੁੱਲਾ ਰੁਮਕਦਾ ਹੈ। ਤਾਈ ਨੂੰ ਆਪਣੇ ਅੰਗੂਠੇ ਦੇ ਬਲ ਦਾ ਪਤਾ ਲਗਿਆ ।
ਦੂਰ ਜੇਹੇ-ਖੁੰਡਾਂ ਉਤੇ ਬੈਠ ਮੁਸ਼ਟੰਡਿਆਂ ਨੇ ਪੁਲਸ ਦੀ ਸ਼ਹਿ ਪਾਕੇ 'ਹਿੜ ਹਿੜ' ਲਾਈ ।
"ਛੀ...ਹ - ਹਟਾ ਲੈਣਗੇ ਬਈ ਇਹ ਜੰਗ - ਏਹਨਾਂ ਦਸਖਤਾਂ ਨਾਲ ਜੰਗ ਭਲਾ ਹਟ ਜੂ......? ਚੁਕੀ ਫਿਰਦੇ ਨੇ ਕਾਗਤੀਆਂ - ਐਟਮ-ਬੰਬ ਨ੍ਹੀਂ ਬਈ ਇਹਨਾਂ ਚੱਲਣ ਦੇਣਾ - ਮਾਂ ਦਿਆਂ ਸੂਰਮਿਆਂ ਨੇ....... ।" ਨੰਬਰਦਾਰ ਗੁਜਣ ਸਿੰਘ ਬੁੜ ਬੁੜਾਇਆ, ਜਿਸਨੇ ਦੂਜੀ ਜੰਗ ਵਿਚ ਪਿੰਡ ਦੇ ਮੁੰਡੇ ਭਰਤੀ ਕਰਾ ਕੇ ਸਰਕਾਰ ਤੋਂ ਬਾਰ ਵਿਚ ਮੁਰੱਬਾ ਬਖ਼ਸ਼ੀਸ਼ ਲਿਆ ਸੀ ।

"ਚੰਗਾ ਸਗੋਂ-ਅਸੀਂ ਤਾਂ ਕਹਿਨੇ ਆਂ ਜੰਗ ਛੇਤੀ ਲਗੇ-ਦੁਨੀਆਂ ਭੁਖੀ ਤਾਂ ਨਾ ਮਰੇ ......!" ਸਫ਼ੇਦ-ਪੋਸ਼ ਕੁੰਢਾ ਸਿੰਘ ਤੇ ਨਿੱਕੂਮਲ ਸ਼ਾਹੂਕਾਰ ਠਿਲਾਂ ਕਰਦੇ ਸਨ, ਜਿਨ੍ਹਾਂ ਨੇ ਆਲੇ ਦੁਆਲੇ

੧੯੦