ਦਿਨ ਹੋ ਗਏ। ਉਨ੍ਹਾਂ ਵਿਆਹ ਇਸੇ ਸਾਲ ਤਾਂ ਮੰਗਿਆ ਹੈ।"
"ਹਾਂ, ਇਸੇ ਸਾਲ", ਸ਼ਾਮ ਲਾਲ ਨੂੰ ਮੰਨਣਾ ਪਿਆ।
"ਤਾਂ ਫਿਰ ਤੁਸੀਂ ਕੀ ਸਲਾਹ ਕੀਤੀ ਹੈ ? ਖਤ ਦਾ ਜਵਾਬ ਦੇ ਦਿਤਾ?"
"ਨਹੀਂ, ਤੇਰੇ ਨਾਲ ਸਲਾਹ ਕਰਕੇ ਹੀ ਦੇਣਾ ਸੀ, ਨਾ ?"
"ਪਰ ਜੋ ਸਾਡਾ ਹਾਲ, ਇਸ ਸਾਲ ਅਸੀਂ ਕਿਸ ਤਰਾਂ ਵਿਆਹ ਦੇ ਸਕਦੇ ਹਾਂ ?"
ਭਾਗਵਾਨ ਨੇ ਪਤੀ ਨੂੰ ਉਸ ਦੀ ਮਜਬੂਰੀ ਦਾ ਇਹਸਾਸ ਕਰਵਾਣਾ ਚਾਹਿਆ ।
"ਕਰਜ਼ਾ ਚੁਕਣਾ ਪਵੇਗਾ, ਹੋਰ ਕੀ ?" ਸ਼ਾਮ ਲਾਲ ਨੇ ਉਤਰ ਵਿਚ ਕਿਹਾ, ਤੇ ਇਕ ਤਰ੍ਹਾਂ ਨਾਲ ਉਸ ਦਾ ਚਿਹਰਾ ਚਮਕ ਉਠਿਆ । ਉਸ ਦਾ ਚਿਹਰਾ ਇਸੇ ਤਰਾਂ ਚਮਕ ਉਠਦਾ ਜਦ ਵੀ ਉਸ ਨੂੰ ਕਰਜ਼ ਚੁਕਣ ਦਾ ਮੌਕਾ ਹਥ ਔਂਦਾ, ਉਹ ਆਪਣੇ ਭਿੰਨ ਭਿੰਨ ਸਮਿਆਂ ਤੇ ਕਰਜ਼ ਮੰਗਣ ਤੇ ਲੈਣ ਵਿਚ ਕਾਮਯਾਬ ਹੋਣ ਦੀਆਂ ਗੱਲਾਂ ਕਰਕੇ ਬੜਾ ਸੁਆਦ ਲੈਂਦਾ ਸੀ । ਉਹ ਕਰਜ਼ਖਾਹਾਂ ਨਾਲ ਕੀਤੀਆਂ ਬਹਿਸਾਂ ਨੂੰ ਉਸ ਤਰਾਂ ਮਜ਼ੇ ਲੈ ਲੈ ਕੇ ਦੁਹਰਾਂਦਾ ਜਿਵੇਂ ਪਹਿਲਵਾਨ ਆਪਣੇ ਘੋਲਾਂ ਨੂੰ । ਸ਼ਾਮ ਲਾਲ ਨੂੰ ਆਪਣੀ ਪਰਤੀਤ ਤੇ ਵੱਡਾ ਮਾਣ ਸੀ । ਦੁਨੀਆਂ ਨੂੰ ਉਸ ਉਤੇ ਅਥਾਹ ਭਰੋਸਾ ਸੀ । ਥੋੜੀ ਜਿਹੀ ਜਾਇਦਾਦ ਦੇ ਤੇ ਉਹ ਕਰਜ਼ੇ ਦਾ ਇਕ ਵੱਡਾ ਬੋਝ ਉਠਾਣ ਵਿਚ ਕਾਮਯਾਬ ਹੋ ਚੁੱਕਾ ਸੀ। ਉਸ ਵਲੋਂ ਵੀ ਇਹ ਕਹਿ ਦੇਣਾ ਯੋਗ ਹੈ, ਇਸ ਪਰਤੀਤ ਨੂੰ ਗੁਆਣ ਦੀ ਕਦੀ ਕੋਈ ਗਲ ਨਹੀਂ ਸੀ ਹੋਈ ! ਉਸ ਨੇ ਕਿਸੇ ਦਾ ਕਰਜ਼ਾ ਮਾਰ ਲੈਣ ਦਾ ਕਦੀ ਖ਼ਿਆਲ ਤਕ ਨਹੀਂ ਸੀ ਕੀਤਾ। ਤੇ ਨਾ ਹੀ ਕਦੀ ਆਪਣੀ ਮਜਬੂਰੀ ਦੱਸ ਕੇ ਕਰਜ਼ਖ਼ਾਹਾਂ ਤੋਂ ਤਮਸਕ, ਆਦਿ, ਨਵੇਂ ਕਰ ਦੇਣ ਵੇਲੇ ਹੌਲੀਆਂ ਸ਼ਰਤਾਂ ਮੰਗੀਆਂ ਸਨ। ਅਸਲ ਵਿਚ ਉਸ ਨੂੰ ਆਪਣੇ ਕਰਜ਼ੇ ਦਾ ਕਦੀ ਇਹਸਾਸ ਨਹੀਂ ਸੀ ਹੋਇਆ। ਉਸ ਨੇ ਕਦੀ ਬਿਆਜ ਚੁਕਾਣ ਦੀ ਵੀ ਖੇਚਲ ਨਹੀਂ ਸੀ ਕੀਤੀ ।
੮੮