ਪੰਨਾ:ਚੁਲ੍ਹੇ ਦੁਆਲੇ.pdf/85

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਦਾ ਇਸ ਨੂੰ ਪੁਰਾਣੇ ਲੇਖੇ ਵਿਚ ਜਮਾ ਕਰਵਾ ਛਡਿਆ ਸੀ । ਸੋ ਹੁਣ ਤਕ ਉਸਦੇ ਸਾਰੇ ਕਰਜ਼ੇ ਕਾਗਜ਼ੀ ਲੇਖੇ ਹੀ ਸਨ । ਕਰਜ਼ਖ਼ਾਹਾਂ ਨੂੰ ਵੀ ਪਤਾ ਸੀ ਜੋ ਕੁਝ ਉਸ ਕੋਲੋਂ ਮੁੜਨਾ ਸੀ ਜੇ ਉਹ ਉਸ ਨਾਲ ਔਖੇ ਭਾਰੇ ਭੀ ਹੁੰਦੇ ਨੇ ਉਨ੍ਹਾਂ ਦੀ ਇਕ ਹੀ ਆਸ ਉਸਦਾ ਪੁੱਤਰ ਪੰਨਾ ਸੀ ਤੇ ਸ਼ਾਇਦ ਉਨ੍ਹਾਂ ਨੂੰ ਵੀ ਜੋਤਸ਼ੀ ਨੇ ਯਕੀਨ ਕਰਵਾ ਛਡਿਆ ਸੀ ਕਿ ਜਿਉਂ ਹੀ ਉਹ ਪੰਦਰਵੇਂ ਵਰ੍ਹੇ ਵਿਚ ਪੈਰ ਰਖੇਗਾ ਨੌ ਨਿਧੀ ਬਾਰਾਂ ਸਿਧਾਂ ਹੋ ਜਾਣਗੀਆਂ ਤੇ ਉਹ ਸਭ ਕਰਜ਼ੇ ਬਿਆਜ਼ ਸਣੇ ਖੁਲ੍ਹੇ ਦਿਲ ਨਾਲ ਚੁਕਾ ਦੇਵੇਗਾ । ਸਚ ਪੁਛੋ ਤਾਂ ਪੰਨੇ ਨੂੰ ਵੱਡਾ ਹੁੰਦਾ ਦੇਖ ਕੇ ਕਰਜ਼ਖ਼ਾਹਾਂ ਨੂੰ ਉਹ ਹੀ ਤਸੱਲੀ ਹੁੰਦੀ ਸੀ ਜੋ ਪਠੋਰੇ ਨੂੰ ਵੱਧਦਾ ਦੇਖ ਕੇ ਕਸਾਈ ਨੂੰ ਹੁੰਦੀ ਹੈ । ਯਾ ਚੰਗੇਰੇ ਸ਼ਬਦਾਂ ਵਿਚ ਇਉਂ ਕਹਿ ਲਵੋ ਕਿ ਕਰਜ਼ਖ਼ਾਹ ਵੀ ਪੰਨੇ ਨੂੰ ਉਸੇ ਤਰ੍ਹਾਂ ਆਪਣੀ ਪਕ ਰਹੀ ਫਸਲ ਸਮਝਦੇ ਸਨ ਜਿਸ ਤਰ੍ਹਾਂ ਉਸਦੇ ਮਾਪੇ।

ਪਰ ਜੋ ਕੁਝ ਵੀ ਹੋਵੇ ਅਗੇ ਨੂੰ ਕੋਈ ਸ਼ਾਮ ਲਾਲ ਨੂੰ ਹੋਰ ਨਵਾਂ ਕਰਜ਼ਾ ਦੇਣ ਨੂੰ ਤਿਆਰ ਨਹੀਂ ਸੀ । ਤੇ ਇਹ ਨਿਰਾਸ਼ਾ ਹੀ ਸੀ ਜੋ ਉਸ ਦੀ ਭਾਗਵਾਨ ਦੇ ਦਿਮਾਗ ਤੇ ਇਕ ਬੋਝ ਬਣੀ ਹੋਈ ਸੀ । ਪਰ ਸ਼ਾਮ ਲਾਲ ਨੂੰ ਆਪਣੀ ਤਾਕਤ ਅਜ਼ਮਾਣ ਦਾ ਜਾਣੋ ਇਕ ਹੋਰ ਮੌਕਾ ਹਥ ਔਣ ਲਗਾ ਸੀ ਤੇ ਉਸਦਾ ਚਿਹਰਾ ਚਮਕ ਉਠਿਆ ਸੀ ।

"ਜੇ ਵਿਆਹ ਜ਼ਰੂਰ ਇਸੇ ਸਾਲ ਦੇਣਾ ਹੈ ਤਾਂ ਅਸੀਂ ਕਰਜ਼ਾ ਚੁੱਕ ਸਕਦੇ ਹਾਂ", ਉਸ ਨੇ ਭਗਵਾਨ ਦਾ ਫਿਕਰ ਦੂਰ ਕਰਨ ਲਈ ਕਿਹਾ ।

ਇਹ ਸਾਰਾ ਸਮਾਂ ਵਿੱਦਿਆ ਚੁਪ ਕੀਤੀ ਆਪਣੀ ਮੰਜੀ ਤੇ ਪਈ ਰੋਈ ਗਈ ਸੀ। ਉਹ ਵੀ ਇਕ ਅਜੀਬ ਕਿਸ਼ਮ ਦੀ ਨਾਜ਼ਕ ਤਬੀਅਤ ਵਾਲੀ ਧੀ ਸੀ। ਵਿਆਹ ਦੀ ਇਹ ਗੱਲ ਉਸ ਨੂੰ ਉਹ ਹੁਲਾਸ ਨਹੀਂ ਸੀ ਦੇ ਰਹੀ ਜਿਸ ਨੂੰ ਆਮ ਨੌਜਵਾਨ ਕੁੜੀਆਂ ਮੁੰਡਿਆਂ ਲਈ ਛਿਪਾਣਾ ਔਖਾ ਹੋ ਜਾਂਦਾ ਹੈ । ਉਸ ਨੂੰ ਸਗੋਂ ਇਸ

੮੯