ਪੰਨਾ:ਚੁਲ੍ਹੇ ਦੁਆਲੇ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂਗਾ ਤੁਰਿਆ ਜਾ ਰਿਹਾ ਸੀ। ਮੈਂ ਸੋਚ ਰਿਹਾ ਸਾਂ ਕਿ ਜਦ ਰਬ ਨੇ ਖੁਦ ਮੈਨੂੰ ਹੀ ਤਿੰਨ ਆਨੇ ਨਹੀਂ ਦਿਤੇ ਤਾਂ ਉਹ ਮੇਰੇ ਹਿਸਾਬ ਵਿਚੋਂ ਇਸ ਤਾਂਗੇ ਵਾਲੇ ਨੂੰ ਤਿੰਨ ਆਨੇ ਕਿਥੋਂ ਦੇਵੇਗਾ?
ਮੇਰੇ ਦਿਲ ਵਿਚ ਕਈ ਤਰ੍ਹਾਂ ਦੇ ਖਿਆਲ ਉਠ ਉਠ ਕੇ ਬੈਠਦੇ ਗਏ। ਰਬ ਕੀ ਬਲਾ ਹੈ? ਕੁਝ ਲੋਕ ਆਖਦੇ ਹਨ ਕਿ ਰਬ ਦਾ ਖ਼ਿਆਲ ਕੇਵਲ ਇਕ ਵਹਿਮ ਹੈ...ਕੀ ਇਹ ਸਚਮੁਚ ਇਕ ਵਹਿਮ ਹੈ?...ਕੀ ਮੈਂ ਰਬ ਵਿਚ ਉਤਨਾ ਹੀ ਯਕੀਨ ਰਖਦਾ ਹਾਂ ਜਿਤਨਾ ਇਹ ਗਰੀਬ ਤਾਂਗੇ ਵਾਲਾ? ਜੇ ਨਹੀਂ ਤਾਂ ਮੈਂ ਕਿਵੇਂ ਮੰਨ ਲਿਆ ਕਿ ਉਹ ਜ਼ਰੂਰ ਮੇਰੇ ਹਿਸਾਬ ਵਿਚੋਂ ਰਬ ਕੋਲੋਂ ਤਿੰਨ ਆਨੇ ਵਸੂਲ ਕਰ ਸਕੇਗਾ? ... ਉਸ ਵੇਲੇ ਮੈਨੂੰ ਉਹ ਘਟਨਾ ਵੀ ਯਾਦ ਆਈ ਜਦ ਮੈਂ ਇਕ ਸਵਾਲ ਦੇ ਜਵਾਬ ਵਿਚ ਆਪਣੇ ਇਕ ਲਿਖਾਰੀ ਮਿੱਤਰ ਨੂੰ ਦੱਸਿਆ ਸੀ ਕਿ ਜੇ ਰੱਬ ਨਾ ਵੀ ਹੋਵੇ ਤਾਂ ਕੇਵਲ ਆਪਣੀ ਓਟ ਲਈ ਇਕ ਰਬ ਫ਼ਰਜ਼ ਜ਼ਰੂਰ ਕਰ ਲੈਣਾ ਚਾਹੀਦਾ ਹੈ। ਫਿਰ ਮੈਂ ਸੋਚਿਆ ਕਿ ਇਸ ਤਾਂਗੇ ਵਾਲੇ ਨੇ ਜ਼ਰੂਰ ਮੈਨੂੰ ਕੋਈ ਸਾਧੂ ਸਮਝ ਲਿਆ ਹੈ। ਸਿਰ ਦੇ ਲੰਮੇ ਵਾਲ ਤੇ ਦਾੜੀ ਸਦਕਾ ਅਕਸਰ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਹੈ। ਤੇ ਜੇ ਉਸ ਨੂੰ ਪਤਾ ਲਗ ਜਾਵੇ ਕਿ ਸਚ ਮੁਚ ਦੇ ਰਬ ਉਤੇ ਯਕੀਨ ਰਖਣ ਦੀ ਥਾਂ ਮੈਂ ਕੇਵਲ ਇਕ ਫ਼ਰਜ਼ੀ ਰਬ ਨੂੰ ਮੰਨਦਾ ਹਾਂ ਤਾਂ ਉਹ ਝਟ ਮੈਨੂੰ ਆਪਣੇ ਤਾਂਗਿਓ ਲਾਹ ਦੇਵੇ।
ਨਾਲ ਦਾ ਮੁਸਾਫ਼ਰ ਕਹਿਣ ਲੱਗਾ, ‘ਤੁਸੀਂ ਕੀ ਕੰਮ ਕਰਦੇ ਹੋ?’
ਮੈਂ ਉੱਤ੍ਰ ਦਿਤਾ, ‘ਮੈਂ ਲੋਕ-ਗੀਤ ਇਕੱਠੇ ਕਰਦਾ ਹਾਂ।’
‘ਕਿਸੇ ਕੰਪਨੀ ਵਲੋਂ?’
‘ਨਹੀਂ ਜੀ, ਇਹ ਮੇਰਾ ਆਪਣਾ ਸ਼ੌਕ ਹੈ!'
ਆਪਣਾ ਸ਼ੌਕ ਹੈ!...... ਪਰ ਇਹ ਦੁਨੀਆਂ ਹੈ

੯੮