ਪੰਨਾ:ਚੂੜੇ ਦੀ ਛਣਕਾਰ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਨਾਲ ਹੀ ਰੌਣਕਾਂ ਲਗੀਆਂ ਸਨ,
ਬੱਚੀ ਘਰ ਸੁਵਰਗ ਬਣਾਇਆ ਸੀ ਤੂੰ।
ਕੁਛੜ ਲੈ ਕੇ ਵੀਰੇ ਨੂੰ ਖੇਡਦੀ ਸੈਂ,
ਅਤੇ ਭੈਣ ਨੂੰ ਉਂਗਲੀ ਲਾਇਆ ਸੀ ਤੂੰ।
ਦਿਲ ਮਾਪਿਆਂ ਦਾ ਬੱਚੀ ਜਿਤ ਕੇ ਤੇ,
ਕਿਤੇ ਭਰਜਾਈਆਂ ਮਾਨ ਵਧਾਇਆ ਸੀ ਤੂੰ।
ਕਦੇ ਬਾਬਲ ਨਾਲ ਗੂੜੀਆਂ ਕਰੇ ਗਲਾਂ,
ਕਦੇ ਅਮੀਂ ਦਾ ਪਿਆਰ ਜਤਾਇਆ ਸੀ ਤੂੰ।


ਧੀਆਂ ਰਖਣ ਦੀ ਰੀਤ ਜੇ ਘਰ ਹੁੰਦੀ,
ਬਚੀ ਕਦੇ ਵੀ ਤੈਨੂੰ ਵਿਛੋੜਦੇ ਨਾ।
ਤੇਰੀ ਮਾਤਾ ਦੇ ਗਲੋਂ ਤਰੋੜ ਮੋਤੀ,
ਕਿਸੇ ਓਪਰੇ ਹਾਰ ਵਿਚ ਜੋੜਦੇ ਨਾ।


ਚੜ੍ਹੀ ਵੇਖ ਕੇ ਧੁਪ ਵਿਛੋੜਿਆਂ ਦੀ,
ਬੱਚੀ ਬਦਲਾਂ ਵੀ ਝੜੀਆਂ ਲਾ ਲਈਆਂ।
ਕਿਸੇ ਲਿਖ ਕੇ ਸੋਹਣੀ ਅਸੀਸ ਭੇਜੀ,
ਕਿਸੇ ਬੈਠ ਕੇ ਜੋਤਾਂ ਜਗਾ ਲਈਆਂ।
ਝਾਤੀ ਮਾਰ ਖਾਂ ਜ਼ਰਾ ਪ੍ਰਵਾਰ ਦੇ ਵਲ,
ਰੋ ਰੋ ਜਿਨ੍ਹਾਂ ਨੇ ਅੱਖਾਂ ਸੁਜਾ ਲਈਆਂ।
ਸਹਿਣੇ ਪਏ ਜੁਦਾਈ ਦੇ ਤੀਰ ਤੇਰੇ,
ਮਾਮੀ ਚਾਚੀ ਨੇ ਊਧੀਆਂ ਪਾ ਲਈਆਂ।

੭੨