ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੇ ਨਾਲ ਪ੍ਰੇਮ ਪਾਂਦਾ ਹੈ, ਕਾਹਦੇ ਲਈ? ਮਨੁਖਾਂ ਇਕ ਅਖਾਣ ਬਣਾਇਆ ਹੋਇਆ ਹੈ, "ਮਿਤ੍ਰ ਉਹ ਜੋ ਵੇਲੇ ਸਿਰ ਕੰਮ ਆਵੇ" ਭਾਵ ਇਹ ਕਿ ਕਿਸੇ ਦੂਜੇ ਨਾਲ ਪ੍ਰੇਮ ਇਸ ਲਈ ਪਾਈਦਾ ਹੈ ਕਿ ਜਿਸ ਵੇਲੇ ਸਾਨੂੰ ਕਿਸੇ ਸੰਸਾਰਕ ਵਸਤ ਦੀ ਲੋੜ ਹੋਵੇ ਜਾਂ ਕੋਈ ਅਪਦਾ ਆ ਬਣੇ ਤਾਂ ਉਸ ਮਨੁਖ ਦੀ ਜਾਇਦਾਦ ਜਾਂ ਉਸ ਦਾ ਸਰੀਰ ਆਪਣੇ ਪ੍ਰਯੋਜਨ ਦੇ ਸਿਰੇ ਚੜ੍ਹਾਨ, ਲੋੜ ਦੇ ਪੂਰਾ ਕਰਨ ਜਾਂ ਅਪਦਾ ਦੇ ਦੂਰ ਕਰਨ ਲਈ ਵਰਤੀਏ। ਵਾਹ! ਕੇਹਾ ਸੁਹਣਾ ਪ੍ਰੇਮ ਦਾ ਨਕਸ਼ਾ ਹੈ! ਪ੍ਰੇਮ ਕਰਨ ਵਾਲਾ ਆਪਣੇ ਪਿਆਰੇ ਨੂੰ ਵਰਤ ਰਿਹਾ ਹੈ। ਪਰ ਇਸ ਦਾ ਨਾਉਂ ਪ੍ਰੇਮ ਨਹੀਂ, ਇਹ ਤਾਂ ਸੁਆਰਥ ਸਿੱਧੀ ਦਾ ਇਕ ਸ੍ਵਾਂਗ ਹੈ। ਭੰਡ ਨੇ ਰਾਜਾ-ਰੂਪ ਵਟਾਇਆ ਹੋਇਆ ਹੈ। ਸ੍ਵਾਂਗੀ ਰਾਜਾ ਕੋਲੋਂ ਸੁਖ ਕਦੀ ਲੱਭ ਸਕਦਾ ਹੈ? ਇਹ ਪ੍ਰੇਮ ਜਿਸ ਦੀ ਜੜ ਹੇਠਾਂ ਸ੍ਵਾਰਬ ਸਿੱਧੀ ਹੈ, ਨਾ ਤੋੜ ਨਿਭਦਾ ਹੈ ਨਾ ਇਸ ਦੇ ਵਿਚ ਸੁਖ ਹੈ।

"ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤਾ ਕੂੜਾ ਨੇਹੁ॥
ਕਿਚਰੁ ਝਤਿ ਲੰਘਾਈਐ ਛਪਰਿ ਤੁਟੈ ਮੇਹੁ॥"

ਅਸਲੀ ਪ੍ਰੇਮ ਦਾ ਪਿਆਲਾ ਕਿਸੇ ਵਿਰਲੇ ਨੇ ਹੀ ਪੀਤਾ ਹੈ ਇਹ ਰਸ ਕਿਸੇ ਵਿਰਲੇ ਨੇ ਜਾਣਿਆ ਹੈ। ਜਿਸ ਨੂੰ ਇਹ ਸ੍ਵਾਦ ਆ ਗਿਆ ਹੈ ਉਸ ਦੇ ਸ੍ਵਾਦ ਅਗੇ:-

"ਗੁਰਮੁਖ ਸੁਖ ਫਲ ਪਿਰਮ ਰਸ ਛਿਆ ਰਸ ਹੈਰਾਣਾ।
ਛਤੀਹ ਅੰਮ੍ਰਿਤ ਤਰਸਦੇ ਵਿਸਮਾਦਿ ਵਿਡਾਣਾ॥
ਨਿਝਰ ਧਾਰਿ ਹਜਾਰ ਹੋਇ ਭੈ ਚਕਤ ਲੁਭਾਣਾ।"

੧੧੯