ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੇ ਰਸ ਸੰਸਾਰ ਦੇ ਤੁਛ ਹਨ। ਛੱਤੀ ਪ੍ਰਕਾਰ ਦੇ ਸ੍ਵਾਦੀ ਭੋਜਨ ਉਸ ਸ੍ਵਾਦ ਨੂੰ ਦੇਖ ਕੇ ਅਸਚਰਜਤਾ ਵਿਚ ਡੁਬੇ ਹੋਏ ਹਨ। ਕਦੀ ਹਜ਼ਾਰ ਧਾਰਾਂ ਭੀ ਅੰਮ੍ਰਿਤ ਦੀਆਂ ਵਗਣ ਤਾਂ ਉਹਨਾਂ ਸਾਰੀਆਂ ਦਾ ਸ੍ਵਾਦ ਪ੍ਰੇਮ ਦੇ ਰਸ ਨਾਲ ਨਹੀਂ ਪੁਜ ਸਕਦਾ। ਉਹ ਹੈਰਾਨੀ ਵਿਚ ਗਈਆਂ ਹੋਈਆਂ ਇਸ ਲੋਭ ਵਿਚ ਹਨ ਕਿ ਹੇ ਰੱਬਾ! ਇਹ ਸ੍ਵਾਦ ਕਿਵੇਂ ਸਾਡੇ ਵਿਚ ਭੀ ਆ ਜਾਵੇ। ਪਰ ਅੰਮ੍ਰਿਤ ਜੜ੍ਹ ਹੈ, ਪ੍ਰੇਮ ਚੇਤੰਨ ਹੈ, ਭਲਾ ਬਰਾਬਰ ਕਿਥੋਂ ਹੋਵੇ? ਅਸਲੀ ਪ੍ਰੇਮ ਕੀ ਹੈ? ਇਹ ਕਥਨੀ ਵਿਚ ਨਹੀਂ ਆ ਸਕਦਾ।
"ਗੁਰਮੁਖ ਸੁਖ ਫਲ ਪਿਰਮ ਰਸ ਕਿਉਂ ਆਖ ਵਖਾਣੇ।"
ਲੋਕੀ ਸੁਣ ਸੁਣ ਕੇ ਵਰਣਨ ਕਰਦੇ ਹਨ ਪਰ ਸੁਣਨ ਵਿਚ ਉਹ ਸਵਾਦ ਕਿਥੇ?
"ਸੁਣ ਸੁਣ ਆਖਣ ਆਖਣਾ ਓਹ ਸਾਉ ਨ ਜਾਣੈ।"
ਪ੍ਰੇਮ ਦੀ ਅਵਸਥਾ ਤਾਂ ਹੈ ਹੀ ਅਬੋਲ। ਇਕ ਮਨੁਖ ਤੇ ਤੀਵੀਂ ਜਦ ਪਿਆਰ ਕਰਦੇ ਹਨ ਤਾਂ ਲੋਕਾਂ ਦੀ ਨਜ਼ਰ ਤੋਂ ਆਪਣਾ ਆਪ ਲੁਕਾਂਦੇ ਹਨ। ਅਸਲੀ ਪ੍ਰੇਮ ਦੀ ਨਿਸ਼ਾਨੀ ਹੀ ਇਹ ਹੈ ਕਿ ਪ੍ਰੇਮ ਕਰਨ ਵਾਲਾ ਕਥਨ ਕਰਨੋ ਰਹਿ ਜਾਂਦਾ ਹੈ।
"ਪੀਤੇ ਬੋਲ ਨ ਹੰਘਈ ਆਖਾਣ ਵਖਾਣਾ।"
ਕਿਉਂ?
"ਗਲੀ ਸਾਦ ਨ ਆਵਈ ਜਿਚਰ ਮੁਹੁ ਖਾਲੀ॥

ਮੁਹੁ ਭਰਿਐ ਕਿਉਂ ਬੋਲੀਐ ਰਸ ਜੀਭ ਰਸਾਲੀ"।

੧੨੦