ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ ਹਾਲਤ ਵੇਖਦਾ ਹੈ। ਬੇੜੀ ਬਣ ਕੇ ਉਹ ਕਾਠ ਹੁਣ ਪਾਣੀ ਨੂੰ ਹੋਰ ਦੁਖ ਦੇਣਾ ਅਰੰਭਦਾ ਹੈ। ਉਸ ਦੀ ਛਾਤੀ ਤੇ ਭੱਜਾ ਫਿਰਦਾ ਹੈ। ਉਸ ਦੇ ਸਿਰ ਨੂੰ ਕਲਵਤ੍ਰ ਵਾਂਗ ਚਪਿਆਂ ਨਾਲ ਮਾਰਦਾ ਹੈ। ਪਰ ਉਹ ਪਾਣੀ ਪਿਆਰ ਨਿਬਾਹੁੰਦਾ ਹੈ। ਪਿਆਰ ਦਾ ਹੋਰ ਰੂਪ ਲਵੋ! ਲੋਹੇ ਨਾਲ ਪਾਣੀ ਦਾ ਸਦਾ ਵੈਰ ਸੀ, ਉਹ ਸਦਾ ਉਸ ਨੂੰ ਡੋਬ ਦੇਂਦਾ ਸੀ, ਪਰ ਹੁਣ ਲੋਹਾ ਕਾਠ ਨਾਲ ਜੜੀ ਕੇ ਆਇਆ ਹੈ ਪਿਆਰੇ ਦੀ ਓਟ ਲੈ ਕੇ ਆਇਆ ਹੈ। ਪਾਣੀ ਸਾਰਾ ਵੈਰ ਭੁਲ ਗਿਆ ਹੈ, ਕਾਠ ਦੀ ਖ਼ਾਤਰ ਲੋਹੇ ਦਾ ਪੁਰਾਣਾ ਵੈਰ ਭੁਲਾ ਦਿੱਤਾ ਹੈ ਤੇ ਉਸ ਦਾ ਭਾਰ ਵੀ ਹੁਣ ਸਿਰ ਤੇ ਸਹਾਰਦਾ ਹੈ।
ਇਹ ਨਾ ਸਮਝਣਾ ਕਿ ਪਾਣੀ ਦੇ ਵਿਚ ਕਾਠ ਦਾ ਨੁਕਸਾਨ ਕਰਨ ਦੀ ਸ਼ਕਤੀ ਨਹੀਂ। ਸਮੁੰਦਰ ਵਿਚ ਤਾਂ ਬੜਵਾਨਲ ਹੈ। ਪਰ ਪਿਆਰੇ ਦੇ ਸਾਹਮਣੇ ਉਸ ਨੇ ਕੋਈ ਤਾਣ ਦਸਣਾ ਹੈ? ਤਾਣ ਰਖ ਕੇ ਨਿਤਾਣਾ ਹੋਣਾ ਹੀ ਤਾਂ ਪਿਆਰ ਦੀ ਨਿਸ਼ਾਨੀ ਹੈ। ਇਸ ਲਈ ਨੁਕਸਾਨ ਪੁਚਾਣ ਦੀ ਸ਼ਕਤੀ ਰਖਦਾ ਹੋਇਆ ਭੀ ਜਰਦਾ ਹੈ। ਪ੍ਰੇਮ ਜੋ ਹੋਇਆ।

ਇਹ ਹੈ ਪ੍ਰੇਮ ਦਾ ਕੁਝ ਰੂਪ, ਜਿਸ ਦੀ ਸਿਖਿਆ ਸਿਖਾਂ ਨੂੰ ਗੁਰੂ ਜੀ ਨੇ ਦਿਤੀ ਹੈ। ਇਹ ਪ੍ਰੇਮ ਹੈ, ਜਿਸ ਨੂੰ ਪਾ ਕੇ ਸਿਖ ਸਭ ਕੁਛ ਵਾਰ ਸੁਟਣਾ ਇਕ ਬਾਲਕ ਦੀ ਖੇਡ ਵਾਂਗ ਜਾਣਦੇ ਸਨ। ਪਰ ਜਦੋਂ ਉਸਤਾਦ ਸਬਕ ਦੇਂਦਾ ਹੈ ਤਾਂ ਨਵਾਂ ਕਾਇਦਾ ਪੜ੍ਹਾਣ ਦਾ ਇਹ ਹੈ ਕਿ ਮੁੰਡਿਆਂ ਦੀ ਸਮਝ ਵਿਚ ਚੰਗੀ ਤਰ੍ਹਾਂ ਖੋਭਣ ਲਈ ਤਜਰਬੇ ਕਰਕੇ ਉਨ੍ਹਾਂ ਨੂੰ ਦੱਸੇ ਜਾਂਦੇ ਹਨ। ਇਹ ਉਹ ਪ੍ਰੇਮ ਹੈ, ਜਿਸ ਦੀ ਸੰਥਾ ਦੇਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਤਨ, ਮਨ, ਧਨ ਵਾਰਿਆ ਤਾਂ ਜੋ ਆਪਣੀ ਪਾਠਸ਼ਾਲਾ

੧੨੨