ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਸ਼ਕ ਤੇਰੀ ਸੰਸਾਰਕ ਅਕਲ ਇਹ ਸੁਨੇਹਾ ਸੁਣ ਕੇ ਚਕਰਾਵੇਗੀ, ਤੈਨੂੰ ਭਾਣਾ ਮੰਨਣਾ ਕਮ-ਹਿੰਮਤੀ,ਸਹਾਰਨਾ ਬੁਜ਼ਦਿਲੀ ਤੇ ਆਪਾ ਵਾਰਨਾ ਉੱਕਾ ਨਾਸ਼ ਨਜ਼ਰ ਪਵੇਗਾ। ਪਰ ਇਹ ਉਦੋਂ ਤਕ ਹੀ ਹੈ, ਜਦ ਤਕ ਕਰਨਾ ਨਹੀਂ ਅਰੰਭਿਆ।
ਪੰਛੀ ਦਾ ਬੱਚਾ ਜਦੋਂ ਜਵਾਨ ਹੁੰਦਾ ਹੈ, ਖੁਲ੍ਹ ਕੇ ਨਹੀਂ ਉਡਦਾ, ਜ਼ਿਮੀਂ ਤੋਂ ਉਠਦਾ ਹੈ, ਫਿਰ ਡਰ ਕੇ ਹੇਠਾਂ ਆ ਜਾਂਦਾ ਹੈ ਉਸ ਦਾ ਖਿਆਲ ਹੈ, ਜ਼ਿਮੀਂ ਛੱਡਾਂਗਾ ਤਾਂ ਮਰ ਜਾਵਾਂਗਾ। ਹੇ ਪੰਛੀ! ਇਹ ਜ਼ਿਮੀਂ ਤੇਰਾ ਅਸਲੀ ਘਰ ਨਹੀਂ ਤੇਰਾ ਵਾਸ ਅਕਾਸ਼ ਵਿਚ ਹੈ। ਇਕੇਰਾਂ ਖੰਭ ਖਿਲਾਰ, ਨਿਡਰ ਹੋ ਕੇ ਉਡਾਰੀ ਲੈ, ਜਿਉਂ ਉਡੇਂਗਾ ਇਹ ਨਿਰਬਲ ਖੰਭ ਤਕੜੇ ਹੋਣਗੇ। ਅਕਾਸ਼ਾਂ ਵਿਚ ਰਹਿੰਦਾ ਹੋਇਆ ਫਿਰ ਜ਼ਮੀਨ ਦਾ ਬੀ ਰਸ ਲੈ, ਉਹ ਰਸ ਕੁਝ ਤੈਨੂੰ ਹੋਰ ਹੀ ਲਭੇਗਾ।
ਜੀਵ! ਤੂੰ ਭੀ ਪੰਛੀ ਹੈਂ, ਤੂੰ ਭੁਲ ਨਾਲ ਸਮਝ ਬੈਠਾ ਹੈਂ ਕਿ ਤੇਰੇ ਖੰਭ ਨਹੀਂ। ਤੈਨੂੰ ਤੇਰੀ ਭੁਲ ਦੱਸਣ ਲਈ ਹੀ ਉਹ ਦੁਨੀਆਂ ਵਿਚ ਆਇਆ, ਜਿਹੜਾ ਦਿੱਸਣ ਵਿਚ ਤੇਰੇ ਜਿਹਾ ਸੀ, ਪਰ ਖੰਭਾਂ ਦਾ ਭੀ ਜਾਣੂ ਸੀ। ਪ੍ਰੇਮ ਦੇ ਹੁਲਾਰੇ ਵਿਚ ਉਡਦਾ ਉਹ ਤੈਨੂੰ ਰਾਹ ਦਸ ਗਿਆ ਹੈ। ਅੱਜ ਭੋਲਿਆ! ਇਕੋ ਹੀ ਚਾ ਉਡਾਰੀ ਲੈ, ਕੇਵਲ ਇਕੋ ਹੀ।

*

१२४