ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਆਪਣੇ ਆਪ ਵਿਚ ਕਵਿਤਾ ਨਹੀਂ, ਓਸੇ ਤਰ੍ਹਾਂ ਹਰ ਬੋਲ ਚਾਲ ਵਾਰਤਕ ਨਹੀਂ।

ਵਾਰਤਕ ਸਾਹਿਤ ਦੇ ਅਸੂਲਾਂ ਤੋਂ ਅਨਛੁਹ ਕੋਈ ਚੀਜ਼ ਨਹੀਂ। ਇਹ ਸਿਰਫ ਛੰਦਾ-ਬੰਦੀ ਤੇ ਤੁਕਾਂਤ ਦੇ ਅਸੂਲਾਂ ਨੂੰ ਨਹੀਂ ਮੰਨਦੀ, ਇਹਨਾਂ ਤੋਂ ਛੁਟ ਬੋਲੀ ਤੇ ਸਾਹਿਤ ਦੀ ਕਲਾ ਦੇ ਸਾਰੇ ਅਸੂਲ ਇਹਦੇ ਤੇ ਲਾਗੂ ਹੁੰਦੇ ਹਨ।

ਵਾਰਤਕ ਦੇ ਸਾਰੇ ਅਸੂਲ ਇਕ ਪੂਰੀ ਫ਼ਹਿਰਿਸਤ ਬਣਾ ਕੇ ਨਹੀਂ ਦਸੇ ਜਾ ਸਕਦੇ। ਮਨੁਖ ਦੇ ਸਭ ਉਸਾਰੂ ਹੁਨਰਾਂ ਦੇ ਸੰਬੰਧ ਵਿਚ ਲਗ ਭਗ ਇਹ ਹੀ ਸਚ ਹੈ। ਪਰ ਵਾਰਤਕ ਪੜ੍ਹਨ ਤੇ ਲਿਖਣ ਦੇ ਅਭਿਆਸ ਤੋਂ ਕੁਝ ਅਸੂਲ ਉਘੜਦੇ ਹਨ, ਜਿਹੜੇ ਹੇਠਾਂ ਬਿਆਨ ਕੀਤੇ ਜਾ ਰਹੇ ਹਨ:

ਵਾਰਤਕ ਦੀ ਇਕਾਈ ਫ਼ਿਕਰਾ ਹੈ। ਵਾਰਤਕ ਦੀ ਘਾੜਤ ਇਕ ਦੂਜੇ ਫ਼ਿਕਰੇ ਦੇ ਜੋੜਨ ਉਤੇ ਕਾਫ਼ੀ ਨਿਰਭਰ ਰਖਦੀ ਹੈ। ਏਸ ਲਈ ਚੰਗੀ ਵਾਰਤਕ ਦੀ ਇਹ ਪਹਿਲੀ ਮੰਗ ਹੈ ਕਿ ਫ਼ਿਕਰੇ ਸੁਚੱਜਤਾ ਨਾਲ ਇਕ ਦੂਜੇ ਨਾਲ ਜੁੜੇ ਹੋਣ, ਇੰਜ ਜਾਪੇ ਜਿਵੇਂ ਪਹਿਲੇ ਫ਼ਿਕਰੇ ਵਿਚੋਂ ਦੂਜਾ ਪੁੰਗਰਿਆ ਹੈ।

ਵਾਰਤਕ ਵਿਚ ਅਰਥ ਸਭ ਤੋਂ ਪ੍ਰਧਾਨ ਹੁੰਦਾ ਹੈ——

੧੧