ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਕਤੀ ਨਹੀਂ ਰਹੇਗੀ। ਹੋਲੀ ਇਕ ਬੜਾ ਸੁਆਦਲਾ ਰੰਗੀਨ ਮੌਕੇ ਵਾਲਾ ਤੇ ਬਹਾਰ ਮਨਾਉਣ ਦਾ ਦਿਨ ਹੈ, ਮਨੁੱਖ ਤੇ ਇਸਤ੍ਰੀ ਦੋਹਾਂ ਲਈ ਖੁਲ੍ਹਾ ਹੈ। ਇਸ ਵਿਚ ਇਕ ਤਰਹ ਸਮਾਜ ਨੇ ਆਗਿਆ ਦੇ ਦਿਤੀ ਹੈ ਕਿ ਨਿਸੰਗ ਬਾਉਰੇ ਤੇ ਆਪੇ ਤੋਂ ਬਾਹਰ ਹੋ ਜਾਓ। ਉਹ ਬੰਦਾ ਵੀ ਕੀ ਹੋਇਆ ਜੋ ਸਾਲ ਵਿਚ ਕਦੇ ਕਦਾਈਂ ਆਪਣੇ ਮੱਥੇ ਦਾ ਵਟ, ਦਿਲ ਦੀ ਘੁੰਡੀ, ਊਚ, ਨੀਚ, ਦੇ ਫਸਤਿਆਂ, ਪਵਿਤ੍ਰ ਅਪਵਿਤ੍ਰ ਦੇ ਜੰਜਾਲਾਂ ਨੂੰ ਤੋੜ ਭੰਨ ਕੇ ਆਪਣਾ ਆਪ ਭੁੱਲ ਨਾ ਸਕੇ, ਖਾਸ ਕਰ ਉਸ ਰੁੱਤ ਵਿਚ ਜਦ ਕੁਦਰਤ ਆਪ ਮਾਨੋਂ ਟੁੰਬ ਟੁੰਬ ਕੇ ਖਿੜਾ ਹਸਾ ਤੇ ਚੂੰਢੀਆਂ ਵਢ ਰਹੀ ਹੋਵੇ। ਜਿਸ ਸਰੀਰ ਨੂੰ ਬਹਾਰ ਦੀ ਰੁੱਤੇ ਬਸੰਤ ਰਾਗ ਦਾ ਅਸਰ ਨਾੜਾਂ ਵਿਚ ਨੱਚਦਾ ਨਹੀਂ ਭਾਸਿਆ, ਉਸ ਨੂੰ ਤੁਰਤ ਕਿਸੇ ਚੰਗੇ ਵੈਦ ਕੋਲ ਪਹੁੰਚ ਕੇ ਇਲਾਜ ਕਰਾਉਣਾ ਚਾਹੀਦਾ ਹੈ। ਜਿਸ ਨੱਢੀ ਦਾ ਬਹਾਰ ਵਿਚ ਕਿਸੇ ਇਕ ਦਿਨ ਵੀ ਘੁੰਡ ਚੁਕ ਕੇ ਚੁਰੱਸਤੇ ਵਿਚ ਨਚਣ ਨੂੰ ਜੀ ਨਹੀਂ ਕੀਤਾ, ਉਸ ਨੂੰ ਆਪਣਾ ਫ਼ਿਕਰ ਕਰਨਾ ਚਾਹੀਦਾ ਹੈ। ਧਰਮਾਂ ਦੇ ਨਵੇਂ ਮਨ ਮਾਰੂ ਰਵਾਜ ਹੁਣ ਚੱਲੇ ਹਨ। ਆਖ਼ਰ ਅਸੀਂ ਓਨ੍ਹਾਂ ਵਿਚੋਂ ਹੀ ਹਾਂ ਜੋ ਉਚੇ ਭੈ ਭੀਤ ਕਰਨ ਵਾਲੇ ਪਹਾੜਾਂ, ਵਗਦੀਆਂ ਨਦੀਆਂ, ਜੰਗਲਾਂ ਦੀਆਂ ਅੱਗਾਂ, ਜੁਆਲਾ ਮੁਖੀਆਂ ਤੇ ਬਿਰਛ-ਉਖੇੜੂ ਹਵਾਵਾਂ ਨੂੰ ਪੂਜਿਆ ਕਰਦੇ ਸਨ। ਕੇਡੇ ਚੰਗੇ ਧਰਮ ਸਨ ਜੋ ਸ਼ਕਤੀਆਂ ਅਗੇ ਨਿਉਣਾ ਸਿਖਾਂਦੇ ਸਨ। ਤੇ ਅੱਜ ਸਾਨੂੰ ਸਿਖਾਇਆ ਜਾਂਦਾ ਹੈ ਕਿ ਹੋਲੀ ਨਾ ਖੇਡੋ, ਰੰਗ ਨਾ ਉਡਾਓ, ਤਿਉਹਾਰ ਨਾ ਮਨਾਓ; ਖਾਸ ਕਰ ਜਦ ਕੁਦਰਤ ਦੋਹੀਂ ਹੱਥੀਂ ਸਾਡੇ ਘਰ ਦਰ ਅੱਖੀਆਂ ਤੇ ਮਨਾਂ ਨੂੰ ਰੰਗਾਂ ਦੌਲਤਾਂ ਤੇ ਖੁਸ਼ੀਆਂ ਨਾਲ ਪੂਰ ਰਹੀ ਹੈ।

*

੧੪੭