ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਗੋਂ ਕੁਦਰਤੀ ਹੁੰਦੀ ਹੈ। ਤੁਸੀਂ ਜੇ ਬੜੇ ਧਿਆਨ ਨਾਲ ਆਮ ਜ਼ਿੰਦਗੀ ਵਿਚ ਲੋਕਾਂ ਨੂੰ ਬੋਲਦਿਆਂ ਸੁਣੋ, ਤਾਂ ਕਈ ਵਾਰ ਤੁਹਾਡੇ ਕੰਨ ਇਕ ਖ਼ਾਸ ਤਾਲ ਪਛਾਣ ਸਕਣਗੇ। ਆਮ ਤੌਰ ਤੇ ਬੋਲ ਚਾਲ ਵਿਚ ਤਾਲ ਓਦੋਂ ਉਘੜਦੀ ਹੈ ਜਦੋਂ ਬੋਲਣ ਵਾਲਾ ਕਿਸੇ ਜਜ਼ਬੇ ਦੇ ਵੇਗ ਵਿਚ ਹੋਵੇ। ਤੁਸੀਂ ਪਿਆਰ ਵਿਚ ਮਸਤ ਕਿਸੇ ਨੂੰ ਸੁਣੋ, ਜਾਂ ਮਾਂ ਦੇ ਲਾਡ ਭਰੇ ਬੋਲ ਸੁਣੋ, ਜਾਂ ਕਿਸੇ ਨੂੰ ਰੋਹ ਵਿਚ ਬੋਲਦਿਆਂ ਜਾਂ ਡੂੰਘੇ ਦੁਖ ਵਿਚ ਵੈਣ ਪਾਂਦਿਆਂ ਸੁਣੋ ਤਾਂ ਵਖ ਵਖ ਤਾਲਾਂ ਤੁਸੀ ਮਹਿਸੂਸ ਕਰੋਗੇ ਜਿਹੜੀਆਂ ਬੋਲਣ ਵਾਲਿਆਂ ਦੇ ਜਜ਼ਬਿਆਂ ਮੁਤਾਬਕ ਹੋਣਗੀਆਂ। ਆਮ ਬੋਲ ਚਾਲ ਵਿਚ ਖਿਲਰੀਆਂ ਅਜਿਹੀਆਂ ਤਾਲਾਂ ਦੀ ਰੂਹ ਵਿਸ਼ੇ ਦੇ ਅਨੁਕੂਲ ਆਪਣੀ ਵਾਰਤਕ ਵਿਚ ਪਾਣੀ ਸੁਚੱਜੇ ਵਾਰਤਕ ਲਿਖਾਰੀ ਦਾ ਵਡਾ ਗੁਣ ਹੈ।

ਫ਼ਿਕਰੇ ਲਫ਼ਜ਼ਾਂ ਦੇ ਬਣੇ ਹੁੰਦੇ ਹਨ। ਲਫ਼ਜ਼ ਲਿਖਾਰੀ ਦਾ ਮੂਲ ਮਸਾਲਾ ਹਨ। ਲਫ਼ਜ਼ ਹਰ ਬੋਲੀ ਦਾ ਸਾਂਝਾ ਸਮਾਜੀ ਵਿਰਸਾ ਹਨ। ਲਫ਼ਜ਼ ਜੰਮਦੇ ਰਹਿੰਦੇ ਹਨ, ਕਿਓਂਕਿ ਸਮਾਜੀ ਅਮਲ ਦੇ ਵਿਚ ਨਵੀਆਂ ਅਸਲੀਅਤਾਂ, ਨਵੇਂ ਖ਼ਿਆਲ, ਨਵੇਂ ਭਾਵ, ਤੇ ਨਵੀਆਂ ਚੀਜ਼ਾਂ ਹੋਂਦ ਵਿਚ ਔਂਦੀਆਂ ਰਹਿੰਦੀਆਂ ਹਨ। ਲਫ਼ਜ਼ ਮਰਦੇ ਵੀ ਰਹਿੰਦੇ ਹਨ, ਤੇ ਲਫ਼ਜ਼ ਆਪਣੇ ਅਰਥ ਵੀ ਵਟਾਂਦੇ

੧੩