ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਫ਼ਗਾਨਾਂ ਦੇ ਇਸ ਤਰ੍ਹਾਂ ਹੋਸ਼ ਉਡੇ ਕਿ ਉਨ੍ਹਾਂ ਮੁੜ ਕਦੀ ਪੰਜਾਬ ਵਲ ਮੂੰਹ ਕਰਨ ਦਾ ਹੀਆ ਨਾ ਕੀਤਾ।
ਇਹ ਭੀ ਕਰਾਮਾਤ ਹੈ ਕਿ ਮਹਾਰਾਜਾ ਸਾਹਿਬ ਨੇ ਸੈਂਕੜੇ ਸਾਲਾਂ ਤੋਂ ਅਫ਼ਗਾਨੀ ਦੱਰਿਆਂ ਰਾਹੀਂ ਹਿੰਦ ਪਰ ਹੋ ਰਹੇ ਜਰਵਾਨੀਂ ਹਮਲਿਆਂ ਨੂੰ ਉਕਾ ਬੰਦ ਹੀ ਨਹੀਂ ਕੀਤਾ ਬਲਕਿ ਖਾਲਸਾ ਸੂਰਬੀਰਾਂ ਦੇ ਜਥਿਆਂ ਨਾਲ ਪਠਾਣੀ ਦੇਸ ਉਤੇ ਹਲੇ ਕਰ ਕੇ ਹਿੰਦ ਦੀ ਲਾਜ ਰਖ ਵਿਖਾਈ। ਪਠਾਣਾਂ ਦੇ ਭਜ ਜਾਣ ਪਰ ਸਰਦਾਰ ਚੇਤ ਸਿੰਘ, ਮੋਹਰ ਸਿੰਘ ਤੇ ਸਾਹਿਬ ਸਿੰਘ ਨੇ ਲਾਹੌਰ ਆ ਝੰਡੇ ਗਡੇ ਸਨ, ਪਰ ਮੰਦੇ ਭਾਗਾਂ ਨੂੰ ਉਹਨਾਂ ਦਾ ਰਾਜਪ੍ਰਬੰਧ ਚੰਗਾ ਨਾ ਹੋਣ ਕਰਕੇ ਉਹਨਾਂ ਵਿਚ ਝਗੜੇ ਹੀ ਰਹਿੰਦੇ ਸਨ, ਜਿਸ ਕਰਕੇ ਨਿਜ਼ਾਮ ਦੀਨ ਕਸੂਰੀਆ ਲਾਹੌਰ ਉਤੇ ਛਾਪਾ ਮਾਰਨ ਲਈ ਅੰਦਰੋ ਅੰਦਰ ਤਿਆਰੀ ਕਰ ਰਿਹਾ ਸੀ। ਇਸ ਗਲ ਦੀ ਖ਼ਬਰ ਨੇ ਲਾਹੌਰ ਦੇ ਵਸਨੀਕਾਂ ਨੂੰ ਹੋਰ ਭੀ ਦੁਖੀ ਕਰ ਦਿਤਾ ਤੇ ਹੋਰ ਕੋਈ ਚਾਰਾ ਨ ਚਲਦਾ ਵੇਖ ਕੇ ਸ਼ਹਿਰ ਦੇ ਮੁਖੀਆਂ ਮੀਆਂ ਆਸ਼ਕ ਮੁਹੰਮਦ, ਹਕੀਮ ਹਾਕਮ ਰਾਏ ਤੇ ਸਰਦਾਰ ਗੁਰਬਖ਼ਸ਼ ਸਿੰਘ ਨੇ ਸਰਦਾਰ ਰਣਜੀਤ ਸਿੰਘ ਨੂੰ ਸੱਦਾ ਦੇ ਘਲਿਆ। ਇਹ ਸੁਨੇਹਾ ਪੁਜਦੇ ਹੀ ਰਣਜੀਤ ਸਿੰਘ ਨੇ ਅੱਠ ਹਜ਼ਾਰ ਫੌਜ ਨਾਲ ਲਾਹੌਰ ਤੇ ਆ ਹੱਲਾ ਬੋਲਿਆ। ਬਸ ਠਹਿਰਨਾ ਕਿਸ ਸੀ? ਦੋ ਸਰਦਾਰ ਤਾਂ ਰਣਜੀਤ ਸਿੰਘ ਦੇ ਆਉਂਦਿਆਂ ਹੀ ਸ਼ਹਿਰ ਖ਼ਾਲੀ ਕਰ ਗਏ ਤੇ ਸਰਦਾਰ ਚੇਤ ਸਿੰਘ ਨੇ ਦੂਜੇ ਦਿਨ ਹੀ ਈਨ ਮੰਨ ਕੇ ਕਿਲ੍ਹੇ ਦੀਆਂ ਕੁੰਜੀਆਂ ਉਸ ਦੇ ਹਵਾਲੇ ਕਰ ਦਿਤੀਆਂ।

ਲਾਹੌਰ ਉਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਦੇਖ ਕੇ ਨਿਜ਼ਾਮ ਦੀਨ ਕਸੂਰੀਏ ਨੇ ਕੁਝ ਭੰਗੀ ਤੇ ਰਾਮਗੜ੍ਹਆਂ ਸਰਦਾਰਾਂ

੧੬੨