ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੂੰਹ ਵਿਚ ਦਵਾਈ ਦਾ ਚਮਚਾ ਪਾ ਦਿੰਦਾ ਹੈ। ਮੈਂ ਉਸ ਨੂੰ ਪਛਾਣ ਨਹੀਂ ਸਕਦਾ, ਕਿਉਂਕਿ ਮੇਰੀਆਂ ਅੱਖਾਂ ਬੁਖ਼ਾਰ ਦੀ ਘੂਕੀ ਨਾਲ ਬੰਦ ਹਨ, ਪਰ ਕਦੀ ਕਦੀ ਕਿਸੇ ਦੇ ਪਿਆਰ ਭਰੇ ਹਥ ਮੈਨੂੰ ਮਥੇ ਤੇ ਫਿਰਦੇ ਅਨੁਭਵ ਹੁੰਦੇ ਹਨ। ਮੇਰੀ ਉਂਘਲਾਂਦੀ ਚੇਤਨਤਾ ਸ਼ੁਕਰਾਨੇ ਨਾਲ ਨਿਉਂ ਨਿਉਂ ਜਾ ਰਹੀ ਹੈ। ਕੁਝ ਚਿਰ ਮਗਰੋਂ ਮੇਰੀ ਘੂਕੀ ਮਠੀ ਪੈਂਦੀ ਹੈ ਅਤੇ ਮਾੜੀਆਂ ਮਾੜੀਆਂ ਅਖਾਂ ਖੁਲ੍ਹਦੀਆਂ ਹਨ। ਕੀ ਵੇਖਦਾ ਹਾਂ ਕੁੱਬਾ ਸਰ੍ਹਾਣੇ ਬੈਠਾ ਮੇਰੇ ਮਥੇ ਤੇ ਹਥ ਫੇਰ ਰਿਹਾ ਹੈ ਅਤੇ ਉਸ ਦੀਆਂ ਸੰਘਣੀਆਂ ਮੁਛਾਂ ਵਿਚੋਂ ਓਹੀ ਅਜੀਬ ਮੁਸਕਾਨ ਛਣ ਛਣ ਕੇ ਮੇਰੀ ਵਲ ਝਾਕ ਰਹੀ ਹੈ। ਫਿਰ ਮੈਨੂੰ ਕੁਬੇ ਦੇ ਬੁਲ੍ਹ ਹਿਲਦੇ ਨਜ਼ਰ ਆਉਂਦੇ ਹਨ ਅਤੇ ਬੜੀ ਮਧਮ ਜਿਹੀ ਅਵਾਜ਼ ਮੇਰੇ ਕੰਨਾਂ ਵਿਚ ਪੈਂਦੀ ਹੈ, "ਗੁਰੂ ਨਾਨਕ ਨੀ ਮਿਹਰੈ, ਬਾਬਾ ਤਰੁੱਠ ਪਿਐ, ਬਸ ਹੁਣ ਵਲ ਹੋਇਆ। ਸਮਝ!" ਮੈਂ ਸ਼ੁਕਰਾਨੇ ਦੇ ਜੋਸ਼ ਵਿਚ ਕੁਬੇ ਦੇ ਪੈਰੀਂ ਡਿਗਣ ਲਈ ਸ਼ੋਰ ਨਾਲ ਉਛਲਦਾ ਹਾਂ ਅਤੇ ਏਨੇ ਵਿਚ ਮੇਰੀ ਅੱਖ ਖੁਲ ਜਾਂਦੀ ਹੈ। ਨੀਲੇ ਅਸਮਾਨ ਵਿਚ ਤਾਰੇ ਚੁਪ ਚਾਪ ਪ੍ਰੋਤੇ ਹੋਏ ਸਨ ਅਤੇ ਮੈਂ ਕੁੱਬੇ ਦੀ ਪ੍ਰਬਲ ਸ਼ਖ਼ਸੀਅਤ ਦਾ ਢਾਹਿਆ ਝੰਬਿਆ ਉਨ੍ਹਾਂ ਵਲ ਝਾਕ ਰਿਹਾ ਸਾਂ। ਹੁਣ ਮੈਨੂੰ ਕੁੱਬਾ ਤਾਰਿਆਂ ਤੋਂ ਵੀ ਵਧੇਰੇ ਸੁੰਦਰ ਤੇ ਨਿਰਮਲ ਜਾਪ ਰਿਹਾ ਸੀ।

ਸਵੇਰ ਹੁੰਦਿਆਂ ਹੀ ਮੈਂ ਕੁੱਬੇ ਦੀ ਹੱਟੀ ਤੇ ਗਿਆ ਅਤੇ ਸ਼ਰਮਾਂਦਿਆਂ ਸ਼ਰਮਾਂਦਿਆਂ ਕੁਝ ਫਲਾਂ ਲਈ ਕਿਹਾ। ਕੁੱਬੇ ਦੀਆਂ ਅੱਖਾਂ ਜਿਤ-ਨਸ਼ੇ ਨਾਲ ਗੁਟ ਸਨ ਅਤੇ ਉਸ ਦੀਆਂ ਮੁਛਾਂ ਵਿਚੋਂ ਝਾਕਦੀ ਮੁਸਕਾਨ ਅੱਤ ਨਿਘੀ ਸੀ।

*

੧੭੬