ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਿਵਾਜੀ ਜਿਹੀ ਚੀਜ਼ ਹੁੰਦੀ ਸੀ। ਇਸ ਦਾ ਅਨੁਭਵ ਇਕ ਸੌੜਾ ਜਿਹਾ ਅਨੁਭਵ ਹੁੰਦਾ ਸੀ। ਇਸ ਵਿਚ ਸਾਰੀ ਜਾਤੀ ਅਰ ਜਨਤਾ ਨੂੰ ਹਲੂਣਾ ਦੇਣ ਵਾਲਾ ਕੋਈ ਪ੍ਰਕਰਨ ਨਹੀਂ ਸੀ ਹੁੰਦਾ। ਇਸ ਕਾਰਣ ਜੋ ਕਵਿਤਾ ਆਦਿ ਲਿਖੀ ਜਾਂਦੀ ਸੀ, ਉਸ ਦਾ ਮੰਤਵ ਉਚੀਆਂ ਸ਼੍ਰੇਣੀਆਂ ਦਾ ਅਨੰਦ ਜਾਂ ਰੰਚਨ ਹੀ ਹੁੰਦਾ ਸੀ।

ਇਸ ਦੇ ਨਾਲ ਹੀ ਇਹ ਗਲ ਵੀ ਠੀਕ ਹੈ ਕਿ ਪੜ੍ਹਨ ਵਾਲੇ ਕੇਵਲ ਉਚੀਆਂ ਸ਼੍ਰੇਣੀਆਂ ਵਿਚੋਂ ਹੀ ਮਿਲਦੇ ਸਨ, ਇਸ ਲਈ ਕਵੀ ਜਾਂ ਸਾਹਿੱਤਕਾਰ ਨੂੰ ਆਪਣੀ ਉਪਜੀਵਕਾ ਲਈ ਉਨ੍ਹਾਂ ਦਾ ਹੀ ਅਨੁਸਾਰੀ ਬਣਨਾ ਪੈਂਦਾ ਸੀ, ਉਨ੍ਹਾਂ ਦੀ ਹੀ ਖ਼ੁਸ਼ਾਮਦ ਕਰਨੀ ਪੈਂਦੀ ਸੀ। ਹਾਂ, ਪਰ ਜਦ ਕਿਸੇ ਦੇਸ ਤੇ ਕੋਈ ਬਾਹਰੋਂ ਆ ਧਾਵਾ ਬੋਲਦਾ ਸੀ ਤੇ ਸਾਰੀ ਸ਼੍ਰੇਣੀ ਲਈ ਹਾਰ ਜਿੱਤ ਦਾ ਸਵਾਲ ਬਣ ਜਾਂਦਾ ਸੀ ਅਤੇ ਜਾਤੀ ਦੀ ਇੱਜ਼ਤ ਅਬਰੋ ਨੂੰ ਵੀ ਖ਼ਤਰਾ ਹੋ ਜਾਂਦਾ ਸੀ ਤਾਂ ਉਸ ਘਟਨਾ ਵਿਚੋਂ ਕਦੇ ਕਦਾਈਂ ਮਹਾਨ ਕਾਵਿ ਦੀ ਉਪਜ ਹੋ ਜਾਂਦੀ ਸੀ, ਭਾਵੇਂ ਪਾਤਰ ਇਸ ਦੇ ਵੀ ਆਮ ਕਰਕੇ ਉਚੀਆਂ ਸ਼੍ਰੇਣੀਆਂ ਦੇ ਹੀ ਹੁੰਦੇ ਸਨ।

ਉਚੀ ਸ਼੍ਰੇਣੀ ਦੇ ਵਿਸ਼ੇਸ਼ ਜੀਵਾਂ ਦੀ ਇਸ ਸਾਹਿੱਤ ਵਿਚ ਇਤਨੀ ਪਰਧਾਨਤਾ ਸੀ ਕਿ ਜਦੋਂ ਕੋਈ ਕਵੀ ਜੀਵਨ ਦੇ ਹੋਰ ਵਧ ਘਟ ਜ਼ਰੂਰੀ ਮਸਲਿਆਂ, ਅਰਥਾਤ, ਕਾਮ, ਕ੍ਰੋਧ, ਲੋਭ ਦੇ ਉਪਜਾਏ ਹੋਏ ਝਮੇਲਿਆਂ ਤੇ ਕੁਝ ਲਿਖਣਾ ਚਾਹੁੰਦਾ ਸੀ ਤਾਂ ਉਹ ਆਪਣੇ ਪਾਤਰ ਉਚੀਆਂ ਸ਼੍ਰੇਣੀਆਂ ਦੇ ਵਿਸ਼ੇਸ਼ ਜੀਵਾਂ, ਰਾਜਿਆਂ, ਰਾਜਕੁਮਾਰਾਂ, ਸੌਦਾਗਰਾਂ, ਆਦਿ, ਨੂੰ ਹੀ ਬਣਾਂਦਾ ਸੀ। ਜਨ ਸਾਧਾਰਣ ਦਾ ਜੀਵਨ ਇਤਨੇ ਨੀਵੇਂ ਪੱਧਰ ਤੇ ਸੀ - ਕਰੀਬ ਕਰੀਬ ਪਸ਼ੂ ਪੱਧਰ ਤੇ ਹੀ - ਕਿ ਇਸ ਬਾਰੇ ਕੁਝ ਲਿਖਣਾ ਸੋਚਣਾ ਨਿਰਰਥ ਹੀ ਸਮਝਿਆ ਜਾਂਦਾ ਸੀ।

੧੮o