ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਹੈ ਦੁਨੀਆਂ ਦੇ ਸਾਹਿਤ ਦਾ ਵਧੇਰਾ ਭਾਗ ਇਹਨਾਂ ਦੋ ਵਿਸ਼ਿਆਂ ਨਾਲ ਹੀ ਸੰਬੰਧਤ ਹੈ। ਜਨ ਸਾਧਾਰਣ ਦੇ ਅਨੁਭਵ ਵਿਚ ਭਾਵੇਂ ਜੁਧ ਅਰ ਇਸ਼ਕ ਦੋਵੇਂ ਹੀ ਹਨ ਪਰ ਇਹਨਾਂ ਦੇ ਲੱਛਣ ਹੋਰ ਹਨ।

ਪਹਿਲਾਂ ਜਨ ਸਾਧਾਰਨ ਦੇ ਇਸ਼ਕ ਨੂੰ ਲੈ ਲਵੋ। ਇਹ ਹੁਣ ਰੋਮੀਓ ਜੂਲੀਅਟ, ਮਹੀਂਵਾਲ ਜਾਂ ਹੀਰ ਰਾਂਝੇ ਵਾਲਾ ਇਸ਼ਕ ਨਹੀਂ। ਇਹ ਸਚ ਹੈ ਕਿ ਉਹ ਇਸ਼ਕ ਵੀ ਸਮਾਜ ਦੀਆਂ ਤਾਕਤਾਂ ਦੇ ਵਿਰੁਧ ਬਗਾਵਤ ਦਾ ਸੂਚਕ ਸੀ। ਪਰ ਉਹ ਬਗਾਵਤ ਇਕ ਮੂਲ-ਸੰਬੰਧੀ ਬਗਾਵਤ ਨਹੀਂ ਸੀ। ਰੋਮੀਓ ਜੂਲੀਅਟ ਬਾਰੇ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਨਾਂ ਪ੍ਰੇਮੀਆਂ ਨੇ ਖ਼ਾਨਦਾਨੀ ਦੁਸ਼ਮਨੀਆਂ ਦੀਆਂ ਹੱਦਾਂ ਢਾਈਆਂ ਅਰ ਇਸ ਤਰ੍ਹਾਂ ਸਮਾਜ ਨੂੰ ਪ੍ਰਗਤੀ ਦਾ ਇਕ ਰਾਹ ਦਿਖਾਇਆ। ਜਾਂ ਸੁਹਣੀ ਮਹੀਂਵਾਲ ਤੇ ਹੀਰ ਰਾਂਝੇ ਦੇ ਇਸ਼ਕ ਨੇ ਇਹ ਦਸ ਦਿਤਾ ਕਿ ਅਸਾਡੇ ਚਲੇ ਆ ਰਹੇ ਵਿਆਹ ਵਰਣ ਦੇ ਰਿਵਾਜਾਂ ਵਿਚ ਇਨਸਾਨੀ ਦਿਲ ਨੂੰ ਉਹ ਅਧਿਕਾਰ ਨਹੀਂ ਸੀ ਦਿਤਾ ਜਾ ਰਿਹਾ ਜੋ ਚਾਹੀਦਾ ਸੀ। ਪਰ ਇਸ ਤਰ੍ਹਾਂ ਨਾਲ ਇਹ ਇਸ਼ਕ ਸਮਾਜ ਵਿਰੁਧ ਇਕ ਸਾਮਿਆਕ ਅਰ ਭਾਗਸਮ ਬਗਾਵਤ ਹੀ ਸੀ। ਜੀਵਨ ਨਾਲ ਇਸ ਦਾ ਵਿਆਪਕ ਸੰਬੰਧ ਨਹੀਂ ਸੀ ਦਰਸਾਇਆ ਜਾਂਦਾ। ਮਤਲਬ ਇਹ ਨਹੀਂ ਕਿ ਇਸ ਇਸ਼ਕ ਦੇ ਲੱਛਣਾਂ ਵਿਚ ਇਹ ਜੀਵਨ-ਸੰਬੰਧ ਨਹੀਂ ਸੀ। ਰਾਂਝੇ ਹੋਰ ਦਾ ਇਸ਼ਕ ਜੇ ਸਫਲ ਹੋ ਜਾਂਦਾ ਤਾਂ ਉਹਨਾਂ ਦੇ ਜੀਵਨ ਵਿਚ ਇਹ ਜ਼ਰੂਰ ਸਹਾਈ ਹੁੰਦਾ। ਪਰ ਹੀਰ ਦੀ ਕਹਾਣੀ ਵਾਲਿਆਂ ਨੇ ਉਸ ਦੇ ਇਸ਼ਕ ਦੇ ਇਸ ਪਖ ਨੂੰ ਮੂਲੋਂ ਨਹੀਂ ਜਾਚਿਆ। ਇਸ ਨੂੰ ਕੇਵਲ ਇਕ ਆਤਮਿਕ ਸੰਬੰਧ ਆਖ ਕੇ ਛਡ ਦਿਤਾ ਹੈ। ਅਵਲ ਤਾਂ ਇਸ ਦਾ ਸਰੀਰ

੧੮੨