ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਹੁਟੀ, ਰੰਨ, ਘਰ ਵਾਲੀ, ਧੰਨ। ਪਹਿਲੇ ਚਵ੍ਹਾਂ ਦੇ ਇਕੋ ਅਰਥ ਹਨ ਤੇ ਦੂਜੇ ਪੰਜਾਂ ਦੇ ਵੀ ਇਕੋ——ਪਰ ਕਿਤੇ ਕੋਈ ਢੁਕੇਗਾ, ਤੇ ਕਿਤੇ ਕੋਈ।

ਲਫ਼ਜ਼ਾਂ ਦੀ ਚੋਣ ਵਿਚ ਆਮ ਤੌਰ ਤੇ ਤਿੰਨ ਕਿਸਮ ਦੀਆਂ ਗ਼ਲਤੀਆਂ ਲਿਖਾਰੀ ਕਰਦੇ ਹਨ:

੧. ਲਫਜ਼ਾਂ ਦੀ ਆਵਾਜ਼ ਤੇ ਓਹਨਾਂ ਨਾਲ ਸੰਬੰਧ ਰਖਣ ਵਾਲੇ ਜਜ਼ਬਾਤੀ ਮਨੋਭਾਵਾਂ ਦੀ ਪਰਵਾਹ ਨ ਕਰਨੀ——ਤੇ ਸਿਰਫ਼ ਅਰਥ ਦੇ ਪਖ ਤੋਂ ਕੰਮ ਸਾਰ ਲੈਣਾ।

੨. ਲਫ਼ਜ਼ਾਂ ਦੀ ਚੋਣ ਵੇਲੇ ਆਪਣੇ ਆਪ ਨੂੰ ਬੋਲੀ ਤੇ ਸਾਹਿਤ ਦੇ ਵਿਰਸੇ ਨਾਲੋਂ ਤੋੜ ਲੈਣਾ ਤੇ ਪੰਡਤਾਊ ਰੁਚੀਆਂ ਦੇ ਖੋਭੇ ਵਿਚ ਫਸ ਜਾਣਾ। ਇਹਦੀ ਮਿਸਾਲ ਪੰਜਾਬੀ ਵਿਚ ਓਹ ਲੇਖਕ ਹਨ ਜਿਹੜੇ ਉਰਦੂ ਜਾਂ ਫ਼ਾਰਸੀ ਦੇ ਆਮ ਵਰਤੋਂ ਵਿਚ ਆਣ ਵਾਲੇ ਲਫ਼ਜ਼ਾਂ ਨੂੰ ਅਛੂਤ ਸਮਝ ਕੇ ਛੱਡ ਰਹੇ ਹਨ, ਤੇ ਸੰਸਕ੍ਰਿਤ ਦੇ ਓਪਰੇ ਲਫ਼ਜ਼ ਓਹਨਾਂ ਦੀ ਆਵਾਜ਼ ਦਾ ਖ਼ਿਆਲ ਕੀਤੇ ਬਿਨਾਂ ਵਰਤੀ ਜਾ ਰਹੇ ਹਨ। ਜਾਂ ਉਰਦੂ ਸਾਹਿਤ ਦੇ ਅਸਰ ਹੇਠਾਂ ਪੰਜਾਬੀ ਦੇ ਲਫ਼ਜ਼ਾਂ ਦੀ ਥਾਂ ਉਰਦੂ ਤੇ ਫ਼ਾਰਸੀ ਦੇ ਓਪਰੇ ਲਫ਼ਜ਼ ਵਰਤੀ ਜਾਂਦੇ ਹਨ।

੧੬