ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਖਣ ਜਜ਼ਬਾ ਨਹੀਂ ਛੇੜਦੀ, ਉਹ ਕਵਿਤਾ ਨਹੀਂ ਕਹਾ ਸਕਦੀ। ਉਹ ਜਜ਼ਬਾ ਉਸਾਰੂ, ਜੀਵਨ ਨਾਲ ਜੋੜਦਾ, ਜੀਵਨ ਘੋਲ ਨੂੰ ਵਧੀਕ ਮਿਠੜਾ, ਸੁਹਾਵਣਾ, ਪ੍ਰੀਤ-ਭਿੰਨਾਂ, ਆਦਰਸ਼ਵਾਦੀ ਬਣਾਂਦਾ ਹੋਣਾ ਚਾਹੀਦਾ ਹੈ, ਨਹੀਂ ਤਾਂ ਉਹ ਸਾਹਿਤ ਨਹੀਂ, ਸਾਹਿਤ ਦਾ ਕੇਵਲ ਬਹਾਨਾ ਜਿਹਾ ਹੋਵੇਗਾ।

ਕਿਉਂਕਿ ਹਰ ਹੁਨਰੀ-ਰਚਨਾਂ ਦਾ ( ਜਿਵੇਂ ਹਰ ਰਚਨਾਂ ਦਾ) ਕੋਈ ਮਨੋਰਥ ਹੁੰਦਾ ਹੈ। ਕਿਰਤੀ ਦੀ ਕੋਈ ਵੀ ਚੀਜ਼ ਬੇ-ਲੋੜੀ ਜਾਂ ਬੇ-ਕਾਇਦਾ ਨਹੀਂ। ਧਰਤੀ, ਚੰਨ-ਤਾਰੇ, ਸੂਰਜ, ਪੌਣ, ਪਾਣੀ, ਆਕਾਸ਼ (ਖਲਾ) ਕਿਹੜੀ ਚੀਜ਼ ਬੇ-ਨੇਮੀ ਹੈ, ਖਲੋਤੀ ਹੈ, ਜਾ ਲਾਭਦਾਇਕ ਨਹੀਂ, ਤੇ ਸਭ ਤੋਂ ਵਧੀਕ, ਖੂਬਸੁਰਤ ਨਹੀਂ? ਕਿਹੜਾ ਬੂਟਾ, ਫਲ, ਸਬਜ਼ੀ, ਅਨਾਜ, ਘਾ, ਜਨੌਰ ਹੈ, ਜਿਸਦਾ ਕੋਈ ਲਾਭ ਨਹੀਂ? ਜਿਹਨਾਂ ਜ਼ਹਿਰ ਵੰਡਦੇ ਕੀੜਿਆਂ ਦਾ ਕੁਝ ਕੰਮ ਨਹੀਂ ਦਿਸਦਾ, ਉਹ ਵੀ ਕਿਸੇ ਨਾ ਕਿਸੇ ਜਨੌਰ ਦਾ ਆਹਾਰ ਹਨ। ਕੁਦਰਤ ਆਪਣੇ ਆਪ ਵਿਚ ਇਕ ਸੰਪੂਰਨ ਨੇਮ ਹੈ। ਇਸ ਵਿਚ ਬੜਾ ਕੁਝ ਹੈ, ਹਰ ਭੁੱਖ ਪੂਰੀ ਕਰਨ ਲਈ, ਕੇਵਲ ਗਿਆਨ ਦਾ ਘਾਟਾ ਹੈ। ਚੀਜ਼ਾਂ ਦੇ ਸਥੂਲ-ਰੂਪ ਦਾ ਗਿਆਨ ਸਾਨੂੰ ਸਾਇੰਸ ਦੇਂਦੀ ਹੈ, ਉਹਨਾਂ ਦੀ ਵਿਚਲੀ, ਆਤਮਕ ਰਮਜ਼, ਸਾਨੂੰ ਕਵਿਤਾ ਰਾਹੀਂ ਮਿਲਦੀ ਹੈ। ਸਾਹਿਤ ਦੇ ਹੋਰ ਅੰਗ ਵੀ ਇਸ ਆਦਰਸ਼ ਨੂੰ ਪਾਲਦੇ ਹਨ। ਪਰ ਕਵਿਤਾ ਸਭ ਤੋਂ ਵਧੀਕ ਇਹ ਕੰਮ ਕਰਦੀ ਹੈ, ਕਿਉਂਕਿ ਇਹ ਦਲੀਲ ਨਾਲੋਂ ਜਜ਼ਬੇ ਦੀ ਤ੍ਰਿਖੀ ਕਾਹਲੀ ਨਾਲ ਝੱਟ ਪੱਟ ਸਾਨੂੰ ਹਲੂਣਦੀ, ਵੰਗਾਰਦੀ ਹੈ। ਇਹ ਹਰ ਵਿਹਲ ਵੇਲੇ ਬੰਦਾ ਗੁਨਗੁਨਾਉਂਦਾ, ਇਸ ਤੋਂ ਪ੍ਰੇਰਤ ਹੁੰਦਾ ਰਹਿੰਦਾ ਹੈ। ਇਸਦੀ ਉਡਾਰੀ, ਆਮ ਕਰਕੇ ਛੋਟੀ, ਕਿਸੇ ਚੰਬੇਲੀ ਦੇ ਫੁਲ ਵਾਂਗ ਹੁੰਦੀ ਹੈ, ਬੋਹੜ ਦੀ ਸੰਘਣੀ ਛਾਂ ਵਾਂਗ ਨਹੀਂ

੧੮੮