ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/182

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢੇ ਟਾਂਗੇ ਵਾਲੇ ਨੇ ਇਕ ਮਿੰਟ ਲਈ ਸੋਚਿਆ। ਇਕ ਨਜ਼ਰ ਮੇਰੇ ਵਲ ਵੇਖਿਆ, ਫੇਰ ਮੇਰੀ ਸਾਥਣ ਵਲ ਵੇਖਿਆ। ਫੇਰ ਆਪਣਾ ਗੰਭੀਰ ਦੁਧ ਚਿਟੀ ਦਾਹੜੀ ਵਾਲਾ ਸਿਰ ਹਿਲਾਇਆ। “ਨਾਂਹ ਬਚਿਓ ਤੁਸੀਂ ਇੰਝ ਕਰੋ, ਏਥੇ ਵੇਟਿੰਗ ਰੂਮ ਵਿਚ ਹੀ ਸਾਮਾਨ ਰਖਕੇ ਨਹਾ ਧੋ ਲਵੋ। ਤੇ ਚਾਹ ਪਾਣੀ ਵੀ ਸਗੋਂ ਏਥੇ ਚੰਗਾ ਮਿਲੇਗਾ। ਤੇ ਫੇਰ ਆਪਣੇ ਚੰਗੀ ਤਰ੍ਹਾਂ ਤਿਆਰ ਹੋਕੇ ਜਿਥੇ ਕਹੋਗੇ ਤੁਹਾਨੂੰ ਲੈ ਚਲਾਂਗਾ।”

ਸਾਨੂੰ ਦੋਹਾਂ ਨੂੰ ਟਾਂਗੇ ਵਾਲੇ ਦੀ ਰਾਏ ਬਹੁਤ ਦਿਲ ਲਗੀ। ਵੇਟਿੰਗ ਰੂਮ ਅਸੀਂ ਖੁਲ੍ਹਵਾ ਕੇ ਸਾਮਾਨ ਉਥੇ ਰਖਵਾ ਲਿਆ ਤੇ ਚੰਗੀ ਤਰ੍ਹਾਂ ਆਪਣੇ ਘਰ ਵਾਂਗ਼ ਨਹਾਤੇ ਧੋਤੇ, ਆਪਣੇ ਮਤਲਬ ਦਾ ਆਰਡਰ ਦੇ ਕੇ ਚਾਹ ਮੰਗਵਾਈ, ਖਾਧਾ ਪੀਤਾ। ਵੇਟਿੰਗ ਰੂਮ ਵਿਚ ਸਾਰੇ ਦਾ ਸਾਰਾ ਵਕਤ ਸਿਰਫ ਮੈਂ ਸਾਂ ਤੇ ਮੇਰੀ ਦੋਸਤ।

ਸਿਆਲਕੋਟ ਭਾਵੇਂ ਸ਼ਹਿਰ ਗਿਣਿਆ ਜਾਂਦਾ ਹੈ, ਪਰ ਕਸਬੇ ਤੋਂ ਵਧੀਕ ਗਲ ਇਹਦੇ ਵਿਚ ਕੋਈ ਨਹੀਂ। ਕੋਈ ਦਸ ਵਜੇ ਅਸੀਂ ਤਿਆਰ ਹੋ ਗਏ। ਮੈਂ ਸੋਚਿਆ ਪੁਲਿਸ ਸਟੇਸ਼ਨ ਦਾ ਦਫ਼ਤਰ ਵੀ ਉਦੋਂ ਤੀਕ ਖੁਲ੍ਹ ਗਿਆ ਹੋਵਗਾ | ਬਾਹਰ ਟਾਂਗੇ ਵਾਲਾ ਬੈਂਚ ਤੇ ਬੈਠਾ ਸਾਡੀ ਉਡੀਕ ਕਰ ਰਿਹਾ ਸੀ। ਪਲੇਟ ਫਾਰਮ ਤੋਂ ਨਿਕਲ ਕੇ ਅਸੀਂ ਵੇਖਿਆ ਉਹਦਾ ਟਾਂਗਾ ਦਰਮਿਆਨੇ ਜਹੇ ਦਰਜੇ ਦਾ ਸੀ। ਉਹਦੀ ਘੋੜੀ ਲਿਸੀ ਜਹੀ, ਅਸੀਲ ਜਹੀ ਸੀ।

‘ਬਾਬਾ ਜੀ, ਟਾਂਗਾ ਸਾਰਾ ਦਿਨ ਤੁਹਾਡਾ ਚਲ ਲਵੇਗਾ?" ਟਾਂਗੇ ਵਿਚ ਬੈਠਦੇ ਹੋਏ ਮੋਰੀ ਦੋਸਤ ਨੇ ਪੁਛਿਆ।

“ਪੁਤਰਾ ਅੱਲਾ ਦਾ ਨਾਂ ਲੈਕੇ ਬਹਿ ਜਾਓ। ਜੋ ਰਬ ਕਰੇਗਾ।” ਤੇ ਫੇਰ ਟਾਂਗੇ ਵਾਲੇ ਨੇ ਘੋੜੀ ਨੂੰ ਚਲਾ ਦਿਤਾ।

੧੯੭