ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਮਿਟੀ ਦੀ ਚਿੜੀ ਲੈ ਕੇ, ਉਸ ਦੀ ਸੀਟੀ ਬਣਾ ਫੂਕਾਂ ਮਾਰਦੀ ਹੁੰਦੀ ਸੀ। ਪਲੋ ਪਲੀ ਲਈ ਮੈਨੂੰ ਇਸ ਤਰ੍ਹਾਂ ਜਾਪਦਾ ਸੀ ਕਿ ਗਗੜੀ ਉਹੋ ਹੀ ਪੁਰਾਣੀ ਗਗੜੀ ਬਣ ਗਈ ਹੈ ਤੇ ਉਸ ਦੇ ਚਿਹਰੇ ਦੀਆਂ ਛਾਈਆਂ ਇਕ ਦਮ ਦੂਰ ਹੋ ਕੇ ਸਵਰਨ ਰੰਗੀ ਭਾਹ ਵਿਚ ਵਟ ਗਈਆਂ ਹਨ, ਪਰ ਪਿਛਲੇ ਪਾਸੇ ਸ਼ਾਂਤੀ ਦੇ ਥੜ੍ਹੇ ਤੇ ਇਕੱਠੀ ਹੋਈ ਬਚਿਆਂ ਦੀ ਭੀੜ ਇਸ ਵਿਸਮਾਦ ਨੂੰ ਤੋੜ ਦੇਂਦੀ ਸੀ। ਸ਼ਾਂਤੀ ਦੇ ਥੜ੍ਹੇ ਤੇ ਖੜੇ ਹੋਏ ਬਚੇ, ਮੁੰਡੇ ਕੁੜੀਆਂ, ਲਾਲ, ਗੁਲਾਬੀ ਤੇ ਗੁਹੜੇ ਪੀਲੇ ਭੁਕਾਨਿਆਂ ਨੂੰ ਹਵਾ ਵਿਚ ਉਲਾਰ ਰਹੇ ਸਨ। ਇਹਨਾਂ 'ਚ ਕਈਆਂ ਦੇ ਹਥ ਮਸਾਲੇ ਦੇ ਬਣੇ ਹੋਏ ਖਡੌਣੇ ਹੁੰਦੇ ਸਨ-ਸ਼ੇਰ, ਘੋੜੇ ਤੇ ਕਬੂਤਰ। ਸਾਰੇ ਬਚੇ ਇਹਨਾਂ ਖਡੌਣਿਆਂ ਨੂੰ ਛਾਤੀ ਨਾਲ ਲਗਾ ਕੇ ਇਕ ਦੂਸਰੇ ਵਲ ਬੜੇ ਫਖਰ ਨਾਲ ਦੇਖ ਰਹੇ ਹੁੰਦੇ ਸਨ। ਗਗੜੀ ਨੂੰ ਇਸ ਉਦਾਸ ਹਾਲਤ ਵਿਚ ਬੈਠਿਆਂ ਦੇਖ ਕੇ ਮੈਨੂੰ ਬੜੀ ਬੇਚੈਨੀ ਹੁੰਦੀ ਸੀ। ਕਈ ਵਾਰ ਜਦੋਂ ਮੈਂ ਦੁਪਹਿਰੇ ਆਪਣੀ ਬੈਠਕ ਵਿਚ ਅਰਾਮ ਕਰ ਰਿਹਾ ਹੁੰਦਾ ਤਾਂ ਗਲੀ ਵਿਚ ਬਚਿਆਂ ਦੇ ਸ਼ੋਰ ਸ਼ਰਾਬੇ ਨੂੰ ਸੁਣ ਕੇ ਮੈਨੂੰ ਬਾਰ ਬਾਰ ਵਿਚਾਰੀ ਗਗੜੀ ਦਾ ਖ਼ਿਆਲ ਆਉਂਦਾ ਤੇ ਮੈਂ ਬੈਠਕ ਵਿਚ ਮੰਜੀ ਤੇ ਲੇਟਿਆ ਹੋਇਆ, ਇਹ ਸੋਚਦਾ ਰਹਿੰਦਾ ਕਿ ਵਿਚਾਰੀ ਗਗੜੀ ਦੀ ਇਹ ਦੁਰਦਸ਼ਾ ਕਿਉਂ ਹੋਈ ਹੈ। ਮੈਂ ਆਪਣੇ ਮਨ ਹੀ ਮਨ ਵਿਚ ਗਿਣਤੀਆਂ ਗਿਣਦਾ ਰਹਿੰਦਾ ਸਾਂ ਕਿ ਚੂਰਨ ਵਾਲੇ ਭਾਈ ਦੇ ਖਡੌਣੇ ਜ਼ਿਆਦਾ ਖ਼ੂਬਸੂਰਤ ਹਨ ਤੇ ਉਸ ਦੇ ਭੁਕਾਨਿਆਂ ਦਾ ਖਿਲਾਰ ਮਿਟੀ ਦੇ ਆਲੇ ਭੋਲਿਆਂ ਨਾਲੋਂ ਵਧੇਰੇ ਮਨ ਮੋਹਣਾ ਹੈ, ਪਰ ਇਹ ਗਗੜੀ ਕਿਉਂ ਨਹੀਂ ਚੂਰਨ ਵਾਲੇ ਭਾਈ ਵਾਂਗ ਖਡੌਣੇ ਲਗਾ ਕੇ ਬਚਿਆਂ ਨੂੰ ਆਪਣੇ ਗਾਹਕ ਬਣਾਉਂਦੀ ਤੇ ਉਹ ਕਿਉ ਹਰ ਦੁਪਹਿਰੇ ਗਲੀ

੨੧੪