ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/201

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਬਾਰੇ ਅਸੀਂ ਬਚਪਨ ਵਿਚ ਕਈ ਗਲਾਂ ਸੁਣੀਆਂ ਸਨ। ਕੋਈ ਇਹ ਕਹਿੰਦਾ ਸੀ ਕਿ ਮੇਲਾ ਰਾਮ ਬੜਾ ਦਾਨੀ ਹੈ। ਉਨ੍ਹੇ ਹਰਿਦੁਆਰ ਇਕ ਬੜੀ ਵਡੀ ਧਰਮਸਾਲਾ ਬਣਾਈ ਹੋਈ ਹੈ, ਕੋਈ ਕਹਿੰਦਾ ਕਿ ਹਰ ਸਾਲ ਉਹ ਕਾਂਗੜੇ ਜਾ ਕੇ ਬਾਂਝ ਤੇ ਅਪਾਹਜ ਗਊਆਂ ਖਰੀਦ ਲਿਆਉਂਦਾ ਸੀ ਤੇ ਉਨ੍ਹਾਂ ਨੂੰ ਰੋਹਤਕ ਤੇ ਹਿਸਾਰ ਦੇ ਪਾਸੇ ਗਊਸ਼ਾਲਾ ਵਿਚ ਭੇਜ ਦੇਂਦਾ ਸੀ। ਇਹ ਸਾਰੇ ਦਾ ਸਾਰਾ ਖਰਚ ਉਹ ਆਪ ਕਰਦਾ ਹੁੰਦਾ ਸੀ, ਪਰ ਹੁਣ ਉਸ ਮੇਲਾ ਰਾਮ ਨੂੰ ਉਸ ਦੇ ਆਪਣੇ ਬਾਜ਼ਾਰ ਵਿਚ ਵੀ ਕੋਈ ਜਾਣਦਾ ਨਹੀਂ ਸੀ। ਉਹ ਉਦਾਸ ਤੇ ਨਿਰਾਸਤਾ ਭਰੀਆਂ ਅਖੀਆਂ ਨਾਲ ਚੌਂਕ ਵਿਚ ਬੈਠਾ, ਆਉਂਦੇ ਜਾਂਦੇ ਰਾਹੀਆਂ ਵਲ ਇਉਂ ਦੇਖਦਾ ਰਹਿੰਦਾ ਜਿਵੇਂ ਉਹ ਚੁਪ ਬੋਲੀ ਵਿਚ ਆਪਣੇ ਜਾਣੇਂ ਪਛਾਣੇ ਲੋਕਾਂ ਅਗੇ, ਕਿਸਮਤ ਦੇ ਜ਼ੁਲਮ ਦੀ ਸ਼ਕਾਇਤ ਕਰਦਾ ਹੋਵੇ।

ਜਿਹੜੀ ਇਕ ਹੋਰ ਗਲ ਮੈਂ ਇਨ੍ਹਾਂ ਦਿਨਾਂ ਵਿਚ ਦੇਖ ਸੀ, ਉਹ ਸੀ ਮਲਕਾ ਦੇ ਬੁਤ ਕੋਲ ਤੇ ਕੋਤਵਾਲੀ ਦੇ ਛੱਤੇ ਹੋਏ ਰਸਤੇ ਥੱਲੇ ਦਿਨੋ ਦਿਨ ਵਧ ਰਹੀ ਮੰਗਤਿਆਂ ਦੀ ਗਿਣਤੀ। ਜਦੋਂ ਦੀਆਂ ਹਾਲ ਬਾਜ਼ਾਰ ਵਿਚ ਪੁਰਾਣੀਆਂ ਟਮਟਮਾਂ ਦੀ ਥਾਂ ਨਵੇਂ ਪਸ਼ੌਰੀ ਟਾਂਗੇ ਚਲਣੇ ਸ਼ੁਰੂ ਹੋਏ ਸਨ, ਬਾਜ਼ਾਰ ਵਿਚ ਆਵਾ ਜਾਈ ਬਹੁਤ ਵਧ ਗਈ ਸੀ। ਸ਼ਾਇਦ ਏਸੇ ਆਵਾ ਜਾਈ ਦਾ ਫਾਇਦਾ ਉਠਾਣ ਲਈ ਤੇ ਨਵੀਆਂ ਖੁਲ੍ਹੀਆਂ ਦੁਕਾਨਾਂ ਦੇ ਗਾਹਕਾਂ ਦੀ ਭੀੜ ਤੋਂ ਮੰਗਣ ਲਈ ਜਿਹੜੀ ਸਹੂਲਤ ਮਿਲ ਜਾਂਦੀ ਸੀ, ਉਸ ਦੇ ਕਾਰਨ ਹਾਲ ਬਾਜ਼ਾਰ ਤੇ ਮਲਕਾ ਦੇ ਬੁੱਤ ਦੇ ਆਸ ਪਾਸ ਮੰਗਤਿਆਂ ਦੀ ਗਿਣਤੀ ਵਧਦੀ ਜਾਂਦੀ ਸੀ। ਇਨ੍ਹਾਂ ਤੋਂ ਇਹ ਗਲ ਬਿਲਕੁਲ ਪਰਤੱਖ ਸੀ ਕਿ ਉਹ ਅੰਮ੍ਰਿਤਸਰ ਦੇ ਹੀ ਵਸਨੀਕ

੨੧੬