ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/205

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਢਿਆਂ ਦਾ ਸਾਫਾ, ਵਾਹ ਵਾਹ ਏ। ਓਏ, ਸ਼ੁਕੀਨਾਂ ਨਾਢੂ ਖਾਨ ਸਰਾਫਾ-' ਇਤਨੀ ਗਲ ਕਹਿਕੇ ਗੁਲਾਮ ਨਬੀ ਹਸਣ ਲਗ ਪਿਆ ਤੇ ਕੋਤਵਾਲੀ ਦੀ ਸਾਰੀ ਛਤ ਉਸਦੇ ਹਾਸੇ ਨਾਲ ਗੂੰਜ ਉਠੀ। ਗੁਲਾਮ ਨਬੀ ਉਚੀ ਉਚੀ ਹਸ ਰਿਹਾ ਸੀ। ਜਦੋਂ ਉਹ ਹਸਦਾ, ਉਸ ਦੇ ਉਭਰੇ ਹੋਏ ਮੋਢੇ ਤੇ ਢਿਲਕਿਆ ਹੋਇਆ ਸੀਨਾ ਉਸ ਦਿਆਂ ਕਪੜਿਆਂ ਵਿਚੋਂ ਬਾਹਰ ਨੂੰ ਉਮ੍ਹਲ ਉਮ੍ਹਲ ਕੇ ਪੈਂਦਾ।

ਇਸ ਵੇਲੇ ਇਹ ਖ਼ਿਆਲ ਬਿਜਲੀ ਦੇ ਲਿਸ਼ਕਾਰੇ ਵਾਂਗ ਮੇਰੀ ਕਲਪਣਾ ਅਗੇ ਫਿਰਨ ਲਗਾ ਕਿ ਗੁਲਾਮ ਨਬੀ ਤਾਂ ਪਾਗਲ ਹੈ। ਉਸ ਦੀਆਂ ਅਖੀਆਂ ਵਿਚ ਲਾਲ ਡੋਰੇ ਉਭਰੇ ਹੋਏ ਸਨ ਤੇ ਜਦੋਂ ਮੈਂ ਉਸ ਦੇ ਚਿਹਰੇ ਵਲ ਮੁੜਕੇ ਦੇਖਿਆ, ਮੈਨੂੰ ਇਸ ਤਰ੍ਹਾਂ ਲਗਾ ਕਿ ਉਸ ਦੇ ਲਾਲ ਡੋਰੇ ਫੈਲ ਗਏ ਹਨ ਤੇ ਉਸ ਦੀਆਂ ਅਖੀਆਂ ਨੇ ਭਖੇ ਹੋਏ ਚੰਗਿਆੜਿਆਂ ਦੀ ਸ਼ਕਲ ਪਕੜ ਲਈ ਹੈ। ਉਸ ਦੀ ਹਜਾਮਤ ਨੂੰ ਕਿੰਨੇ ਹੀ ਦਿਨ ਹੋ ਗਏ ਹੋਣੇ ਨੇ ਕਿਉਂਕਿ ਉਸ ਦੇ ਨੁਕੀਲੇ ਵਾਲ, ਉਸ ਦੇ ਹਸਣ ਨਾਲ ਆਕੜ ਕੇ ਬਾਹਰ ਨੂੰ ਉਭਰ ਆਉਂਦੇ ਸਨ। ਉਸ ਦੀ ਸਾਰੀ ਦੀ ਸਾਰੀ ਸ਼ਕਲ ਭੈ ਦਾਇਕ ਸੀ। ਕੁਝ ਦੇਰ ਲਈ ਮੇਰੀ ਪੁਰਾਣੀ ਹਮਦਰਦੀ ਘ੍ਰਿਣਾ ਵਿਚ ਵਟ ਗਈ, ਪਰ ਜਲਦੀ ਹੀ ਗੁਲਾਮ ਨਬੀ ਦਾ ਚਿਹਰਾ ਦੁਬਾਰਾ ਗੰਭੀਰ ਹੋ ਗਿਆ ਤੇ ਉਸ ਦੀਆਂ ਅਖੀਆਂ ਦੇ ਲਾਲ ਡੋਰੇ ਅਖੀਆਂ ਦੀ ਸੁਫੇਦੀ ਵਿਚ ਫਿਕੇ ਪੈ ਗਏ। ਕਿਸੇ ਅਗੰਮੀ ਤਾਕਤ ਦੇ ਅਸਰ ਹੇਠਾਂ ਮੇਂ ਇਹ ਸਵਾਲ ਕੀਤਾ, 'ਗੁਲਾਮ ਨਬੀ, ਤੂੰ ਕਦੋਂ ਦਾ ਮੰਗਣਾ ਸ਼ੁਰੂ ਕੀਤਾ ਏ।' ਹੁਣ ਗੁਲਾਮ ਨਬੀ ਦੇ ਚਿਹਰੇ ਤੇ ਪਹਿਲੇ ਵਾਲੀ ਘਬਰਾਹਟ ਨਹੀਂ ਸੀ ਤੇ ਉਹ ਬੜੀ ਤਸੱਲੀ ਨਾਲ ਮੇਰੇ ਵਲ ਦੇਖ ਰਿਹਾ ਸੀ।

२२०