ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/211

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਸਤੇ ਉਸ ਨੇ ਬਰੀਕ ਆਟਾ ਛਾਣ ਕੇ ਵਖਰਾ ਰਖਿਆ ਹੋਇਆ ਸੀ ਤੇ ਕੜਾਹ ਵਾਸਤੇ ਉਸ ਨੇ ਡਾਢੇ ਲਿਹਾਜ਼ ਨਾਲ ਮੰਗਵਾਈ ਹੋਈ ਸੂਜੀ ਵੀ ਕਿੰਨੇ ਦਿਨਾਂ ਤੋਂ ਅਡੋਲ ਧਰੀ ਹੋਈ ਸੀ। ਉਹ ਜੋਤ ਜਗਾਵੇਗੀ, ਉਹ ਕੰਜਕਾਂ ਬੁਲਾਵੇਗੀ, ਉਹ ਕੰਜਕਾਂ ਦੇ ਪੈਰ ਧੋਵੇਗੀ, ਉਹ ਕੰਜਕਾਂ ਨੂੰ ਸੰਧੂਰ ਦੇ ਟਿਕੇ ਲਾਵੇਗੀ, ਉਹ ਕੰਜਕਾਂ ਨੂੰ ਮੌਲੀਆਂ ਦੀਆਂ ਤੰਦਾਂ ਬੰਨੇਗੀ, ਫੇਰ ਪੂਰੀਆਂ, ਕੜਾਹ, ਛੋਲੇ ਤੇ ਆਲੂਆਂ ਨੂੰ ਇਕ ਇਕ ਤਾਸੀ ਵਿਚ ਪਰੋਸ ਕੇ ਤੇ ਨਾਲ ਪੈਸਾ ਪੈਸਾ ਟਕਾ ਟਕਾ ਰਖ ਕੇ ਉਹ ਕੰਜਕਾਂ ਕੁਆਰੀਆਂ ਨੂੰ ਮਥਾ ਟੇਕੇਗੀ। ਵੀਰ ਲੌਂਕੜੇ ਤੇ ਕੰਜਕਾਂ ਕੁਆਰੀਆਂ।


ਉਸ ਨੂੰ ਯਾਦ ਆਇਆ, ਉਹ ਮਸਾਂ ਨਵਾਂ ਵਰ੍ਹਿਆਂ ਦੀ ਸੀ, ਇਕ ਦਿਨ ਉਸ ਨੇ ਗੁਲਾਬੀ ਰੰਗ ਦੀ ਚੁੰਨੀ ਲੀਤੀ ਸੀ, ਵਲਾਂ ਵਾਲੀਆਂ ਕਚੇ ਸ਼ਰਬਤੀ ਰੰਗ ਦੀਆਂ ਉਸ ਕਚ ਦੀਆਂ ਵੰਗਾਂ ਚੜ੍ਹਾਈਆਂ ਸਨ, ਤੇ ਉਸ ਦੀ ਮਾਂ ਦੀ ਧਰਮ ਭੈਣ ਜਿਹੜੀ ਉਸ ਦੀ ਮਾਸੀ ਲਗਦੀ ਸੀ, ਉਹਦੇ ਘਰ ਅਸ਼ਟਮੀ ਵਾਲੇ ਦਿਨ ਉਹ ਕੰਜਕਾਂ ਬੈਠਣ ਗਈ ਸੀ। ਉਹਦੀ ਮਾਸੀ ਦਾ ਉਹ ਸਕਾ ਭਤੀਜਾ ਸੀ, ਬੜਾ ਸਹਿਕਵਾਂ ਜੀਣਾ, ਉਹ ਵੀ ਕੰਜਕਾਂ ਵਿਚ ਬੈਠਾ ਵੀਰ ਲੌਂਕੜਾ।


ਤੇ ਫੇਰ ਇਕ ਦਿਨ ਕੀ ਹੋਇਆ, ਉਹ ਅਜੇ ਨਵਾਂ ਦਸਾਂ ਵਰ੍ਹਿਆਂ ਦੀ ਹੀ ਸੀ ਕੰਜਕ ਕੁਆਰੀ, ਤੇ ਉਹਦੀ ਮਾਂ ਦੀ ਧਰਮ ਭੈਣ ਦਾ ਭਤੀਜਾ ਭੀ ਏਡਾ ਕੁ ਹੀ ਸੀ ਦਸਾਂ ਬਾਰਾਂ ਵਰਿਆਂ ਦਾ ਬੀਰ ਲੌਂਕੜਾ ਉਹਨਾਂ ਦਾ ਵਿਆਹ ਹੋ ਗਿਆ। ਬੀਰ ਲੌਂਕੜੇ ਨੇ ਸੇਹਰੇ ਬੱਧੇ ਤੇ ਕੁਆਰੀ ਕੰਜਕ ਡੋਲੀ ਪਈ।


ਮੁਕਲਾਵਾ ਤਾਂ ਅਜੇ ਦੂੰ ਵਰ੍ਹਿਆਂ ਨੂੰ ਜਾਣਾ ਸੀ, ਉਹ ਰਾਤ ਦੀ ਰਾਤ ਸਹੁਰਿਆਂ ਦੀ ਮਹਿਮਾਨ ਰਹਿ ਕੇ ਪੇਕੇ ਆ ਗਈ।

२२६