ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/213

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਪਿਥੀਆਂ ਉਹਦੀਆਂ ਬਾਹਵਾਂ ਹੋ ਗਈਆਂ ਸਨ, ਢਿਲਕੇ ਹੋਏ ਮਾਸ ਦੇ ਵਟ ਸ਼ਾਇਦ ਕੱਚ ਦੀਆਂ ਵੰਗਾਂ ਦਾ ਕੰਮ ਦੇ ਰਹੇ ਸਨ।

ਉਹਦਾ ਦਿਲ ਠੈਹ ਠੈਹ ਵਜਣ ਲਗ ਪਿਆ। ਕਲ ਮੂੜਿਆਂ ਦੀ ਉਸ ਪਾਲ ਉਤੇ ਨਿਕੀਆਂ ਕੰਜਕਾਂ ਬੈਠਣਗੀਆਂ, ਤੇ ਉਹ ਉਨ੍ਹਾਂ ਨੂੰ ਮੱਥਾ ਟੇਕੇਗੀ। ਜਿਵੇਂ ਲੋਹੇ ਉਤੇ ਕੋਈ ਵਦਾਨ ਦੀਆਂ ਸਟਾਂ ਮਾਰਦਾ ਏ, ਉਹਦਾ ਦਿਲ ਧੜਕਨ ਲਗ ਪਿਆ। ਉਸ ਨੂੰ ਜਾਪਿਆ ਜਿਵੇਂ ਉਹ ਆਪ ਮੂੜ੍ਹਿਆਂ ਦੀ ਪਾਲ ਵਿਚ ਕੰਜਕਾਂ ਦੇ ਨਾਲ ਬੈਠੀ ਹੋਈ ਸੀ, ਕੰਜਕਾਂ ਨੇ ਪੈਰ ਧੁਆਏ, ਕੰਜਕਾਂ ਨੇ ਮੌਲੀਆਂ ਬੰਨ੍ਹੀਆਂ, ਕੰਜਕਾਂ ਨੇ ਟਿੱਕੇ ਲਾਏ, ਕੰਜਕਾਂ ਨੇ ਸਿਰ ਤੇ ਚੁੰਨੀਆਂ ਕੀਤੀਆਂ। ਦੇਵੀ ਦੀ ਜਗਦੀ ਜੋਤ ਅਗੇ ਜਦੋਂ ਸਾਰੀਆਂ ਕੰਜਕਾਂ ਨੇ ਮੱਥੇ ਟੇਕੇ, ਉਹਦੀ ਚੁੰਨੀ ਨੂੰ ਅੱਗ ਲਗ ਗਈ, ਉਹਦੇ ਪੈਰਾਂ ਵਿਚ ਬਿਆਈਆਂ ਪੈ ਗਈਆਂ, ਉਹਦੀਆਂ ਬਾਹਵਾਂ ਦਾ ਮਾਸ ਛਿਲਕ ਆਇਆ, ਉਹਦੀ ਚੁੰਨੀ ਹੇਠੋਂ ਚਿੱਟਾ ਸਿਰ ਨਿਕਲ ਪਿਆ।

"ਅੰਮਾਂ" ਰਸੋਈ ਦੇ ਨਾਲ ਵਾਲੇ ਕਮਰੇ ਵਿਚੋਂ ਆਵਾਜ਼ ਆਈ। ਉਹਦੇ ਖ਼ਿਆਲ ਭੌਣੋਂ ਰਹਿ ਗਏ, ਉਸ ਨੂੰ ਯਾਦ ਆਇਆ ਕਿ ਉਸ ਨੇ ਆਲੂ ਉਬਲਣੇ ਰੱਖੇ ਹੋਏ ਸਨ, ਉਸ ਨੇ ਅਜੇ ਮਾਲਤੀ ਨੂੰ ਬਿਸਤਰੋ ਦੀ ਚਾਹ ਦੇਣੀ ਸੀ।

"ਆਈ ਧੀਏ!"ਉਸ ਨੇ ਆਖਿਆ ਤੇ ਆਲੂਆਂ ਦਾ ਪਤੀਲਾ ਲਾਹ ਕੇ ਚਾਹ ਦਾ ਪਾਣੀ ਧਰ ਦਿਤਾ।

ਦਰ ਅਸਲ ਮਾਲਤੀ ਉਹਦੀ ਧੀ ਨਹੀਂ ਸੀ, ਉਹਦੀ ਦਰਾਣੀ ਦੀ ਧੀ ਸੀ। ਉਹ ਆਪ ਤਾਂ ਜਦੋਂ ਦਸਾਂ ਵਰਿਆਂ ਦੀ ਸੀ ਤੇ ਜਦੋਂ ਉਸ ਦੇ ਸਹੁਰਿਆਂ ਦਾ ਪੁਤਰ ਮਰ ਗਿਆ ਸੀ, ਲੋਕਾਂ ਨੇ ਉਸ ਨੂੰ ਗਹਿਣੇ ਪਵਾਏ, ਕਪੜੇ ਪਵਾਏ ਤੇ ਵੇਹੜੇ ਦੇ ਵਿਚਕਾਰ ਉਸ

੨੨੮