ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਹੁਣ ਉਹ ਕਾਲੀ ਸ਼ਾਹ ਜਿਹੀ ਭੈੜੀ ਚਾਹ, ਜਿਹੋ ਜਿਹੀ ਕਿ ਉਹ ਗੋਹਾ ਥੱਪਣ ਵਾਲੀ ਕੰਮੋ ਨੂੰ ਮਿਟੀ ਦੇ ਕਸੋਰੇ ਵਿਚ ਪਾ ਕੇ ਦੇਂਦੀ ਹੁੰਦਾ ਸੀ, ਪੀਣ ਲਗ ਪਏ ਸਨ। ਪਰ ਉਹਦੇ ਕੀ ਵਸ ਸੀ ਉਹ ਤਾਂ ਅਜੇ ਭੀ ਉਹਨਾਂ ਨੂੰ ਮਲਾਈ ਵਾਲਾ ਦੁਧ ਪਿਆਣਾ ਚਾਹੁੰਦੀ ਸੀ, ਪਰ ਉਹ ਦਸਦੇ ਸਨ ਕਿ ਮਝ ਦਾ ਮੋਟਾ ਦੁਧ ਤਾਂ ਅਕਲ ਨਹੀਂ ਆਉਣ ਦੇਂਦਾ, ਹੁਣ ਉਹ ਪਤਲੀ ਚਾਹ ਪੀਣਗੇ।

ਕਲ੍ਹ ਤੋਂ ਘਰ ਵਿਚ ਉਹ ਮੁੰਡਾ ਵੀ ਆਇਆ ਹੋਇਆ ਸੀ ਜਿਸ ਨਾਲ ਮਾਲਤੀ ਦਾ ਵਿਆਹ ਹੋਣਾ ਸੀ,ਉਹ ਮਾਲਤੀ ਦੇ ਨਾਲ ਵਾਲੇ ਕਮਰੇ ਵਿਚ ਸੌਂਦਾ ਸੀ, ਮਾਲਤੀ ਨੇ ਅੰਮਾਂ ਨੂੰ ਆਖਿਆ ਕਿ ਉਸ ਨੂੰ ਭੀ ਚਾਹ ਪੁਚਾ ਦੇਵੇ। ਦੋਹਾਂ ਕਮਰਿਆਂ ਵਿਚ ਦਰਵਾਜ਼ਾ ਸੀ, ਅੰਮਾਂ ਨੇ ਲੰਘਕੇ ਨਾਲ ਦੇ ਕਮਰੇ ਵਿਚ ਉਸਨੂੰ ਚਾਹ ਦਿਤੀ। ਜਦੋਂ ਉਹ ਚਾਦਰ ਨੂੰ ਹਟਾ ਕੇ ਪਲੰਘ ਤੋਂ ਉਠਿਆ ਤਾਂ ਅੰਮਾਂ ਦੇ ਕੰਨਾਂ ਵਿਚ ਖੜਾਕ ਆਇਆ, ਕਚ ਦੀਆਂ ਦੋ ਤਿੰਨ ਚੂੜੀਆਂ ਪਲੰਘ ਤੋਂ ਢੈ ਕੇ ਫ਼ਰਸ਼ ਤੇ ਆ ਪਈਆਂ ਸਨ, ਅੰਮਾਂ ਤ੍ਰੇਹ ਗਈ ਮਾਲਤੀ ਨੇ ਕਲ ਜੇਹੜੀਆਂ ਚੂੜੀਆਂ ਚੜ੍ਹਾਈਆਂ ਸਨ, ਉਹ ਉਹਦੇ ਮੰਗੇਤਰ ਦੇ ਕਮਰੇ ਵਿਚ ਢੱਠੀਆਂ ਪਈਆਂ ਸਨ।

ਅੰਮਾਂ ਚਾਹ ਦੇ ਕੇ ਪਰਤਨ ਲਗੀ, ਕਮਰੇ ਦੀ ਦਲੀਜ਼ ਲੰਘ ਕੇ ਉਹਦੇ ਪੈਰ ਜਿਵੇਂ ਫ਼ਰਸ਼ ਨਾਲ ਜੁੜ ਗਏ। ਖੜਾਕ ਮਾਲਤੀ ਨੇ ਭੀ ਸੁਣ ਲਿਆ ਸੀ, "ਅੰਮਾਂ ਦਾ ਧਿਆਨ ਉਸ ਹੋਰ ਪਾਸੇ ਪਾਣਾ ਚਾਹਿਆ।

"ਅੰਮਾਂ! ਅਜ ਹੀ ਉਹ ਦਿਨ ਹੈ ਨਾ ਜਦੋਂ ਤੂੰ ਸਾਨੂੰ ਮੌਲੀਆਂ ਬੰਨ੍ਹੇਗੀ, ਟਿਕੇ ਲਾਏਂਗੀ ਤੇ ਕੜਾਹ ਪੁਰੀਆਂ ਖੁਆਏਂਗੀ.... ...। "

"ਨਹੀਂ ਧੀਏ, ਅਜ ਨਹੀਂ ਕਲ!" ਅੰਮਾਂ ਇਸ ਤੋਂ ਵਧੇਰੇ ਕੁਝ ਨਾ ਕਹਿ ਸਕੀ, ਰਸੋਈ ਵਿਚ ਪਰਤ ਆਈ। ਉਸ ਨੂੰ ਇਕੋ

੨੩੧