ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਿਆਲ ਆ ਰਿਹਾ ਸੀ ਕਿ ਕਲ ਕੰਜਕਾਂ ਦੀ ਪਾਲ ਬੈਠੇਗੀ, ਨਿਕੀਆਂ ਵਡੀਆਂ ਕੰਜਕਾਂ, ਮਾਲਤੀ ਭੀ ਕੰਜਕ ਹੈ, ਕੁਆਰੀ ਹੈ' ਤੇ ਉਹ ਆਪ ਬੁਢੇ ਵਾਰੇ ਸਾਰੀਆਂ ਕੰਜਕਾਂ ਨੂੰ ਮਥਾ ਟੇਕੇਗੀ ... .... ਸੋਚਦਿਆਂ ਸੋਚਦਿਆਂ ਉਹਦੇ ਮਥੇ ਉਤੇ ਤੀਊੜੀ ਪੈ ਗਈ, ਮਥਾ ਆਕੜ ਗਿਆ, ਅੜ ਗਿਆ ਜਿਵੇਂ ਝੁਕ ਨਾ ਸਕਦਾ ਹੋਵੇ ... ... ਦਸ ਵਰ੍ਹਿਆਂ , ਬਾਰਾਂ ਵਰ੍ਹਿਆਂ, ਪੰਦਰਾਂ ਵਰ੍ਹਿਆਂ, ਵੀਹਾਂ ਵਰ੍ਹਿਆਂ ਤਕ ਕੰਜਕ ਰਹਿਣਾ ਕੀ ਔਖਾ ਹੈ - ਉਹ ਤਾਂ ਤਿੰਨ ਵੀਹਾਂ ਵਰ੍ਹੇ ਹੋ ਗਏ ਸਨ ਕੁਆਰੀ ਕੰਜਕ ਹੈ ... ... ਉਸ ਦਾ ਬੁਢਾ ਬਜ਼ੁਰਗ ਮਥਾ ਕਲ੍ਹ ਮਾਲਤੀ ਨੂੰ ਮਥਾ ਟੇਕੇਗਾ?

ਅੰਮਾਂ ਨੂੰ ਖ਼ਿਆਲ ਆਇਆ ਕਿ ਵਿਆਹਾਂ ਤੇ ਇਕ ਸੁਹਾਗ ਗਾਂਦੇ ਹਨ। ‘ਦੇਈਂ ਵੇ ਬਾਬਲਾ ਓਸ ਘਰੇ ਜਿਥੇ ਸ਼ਾਦੀਆਂ ਵੇਖਾਂਗੀ ਨਿਤ" ਨਾਲ ਹੀ ਖਿਆਲ ਆਇਆ ਕਿ ਕੁੜੀਆਂ ਗੌਂਦੀਆਂ ਹਨ: "ਨਹਿਰ ਕੰਢੇ ਦੇਈਂ ਬਾਬਲਾ, ਗੁਸਾ ਚੜ੍ਹੇ ਤਾਂ ਘੜੰਮ ਛਾਲ ਮਾਰਾਂ।" ਅੰਮਾਂ ਉਬਲੇ ਹੋਏ ਆਲੂਆਂ ਨੂੰ ਸੰਘਾੜਿਆਂ ਦੇ ਆਟੇ ਵਿਚ ਪਈ ਗੁੰਨ੍ਹਦੀ ਸੀ, ਉਹਦੇ ਹਥ ਖਲੋ ਗਏ, ਸ਼ਾਦੀਆਂ ਕਦੇ ਲਾੜੇ ਬਿਨਾਂ ਵੀ ਸੋਂਹਦੀਆਂ ਹਨ? .... ਤੇ ਗੁਸਾ ਉਹ ਕੀਹਦੇ ਉਤੇ ਕਰਦੀ? ਕਿਹਦੇ ਸਿਰ ਚੜ੍ਹਕੇ ਉਹ ਕਿਸੇ ਨਹਿਰ ਵਿਚ ਛਾਲ ਮਾਰਦੀ?

ਕਹਿਰ ਦੀ ਜਵਾਨੀ ਉਸ ਪਿੰਜਰੇ ਪਏ ਹੋਏ ਸ਼ੇਰ ਵਾਕਰ ਕਟੀ ਸੀ, ਸਚ ਮੁਚ ਉਹ ਰਜਕੇ ਖਾਂਦੀ ਨਹੀਂ ਸੀ ਹੁੰਦੀ, ਕਿ ਮਤੇ ਅੰਗਾਂ ਵਿਚ ਕੋਈ ਬਲ ਆ ਜਾਵੇ, ਮਤੇ ਉਸ ਨੂੰ ਪਿੰਜਰੇ ਦਆਂ ਸੀਖਾਂ ਪੁਟ ਦੇਣ ਦਾ ਖ਼ਿਆਲ ਆ ਜਾਏ। ਉਹ ਨਵੀਆਂ ਵਿਆਹੀਆਂ ਕੋਲ ਬਹਿੰਦੀ ਨਹੀਂ ਸੀ ਹੁੰਦੀ ਮਤੇ ਕੋਈ ਚੇਤਨਤਾ ਉਸ ਦੇ ਜੜ੍ਹ ਪੱਥਰ ਅੰਗਾਂ ਵਿਚੋ ਜਾਗ ਪਵੇ। ਉਹ ਸ਼ਾਂਤ ਰਹਿੰਦੀ

੨੩੨