ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/232

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਵਾਰ ਦੁਧ ਦੇਂਦੀ ਸੀ, ਪਰ ਓਹ ਨ ਪੀ ਸਕਦੀ - ਭਾਵੇਂ ਓਹਨੂੰ ਪਤਾ ਸੀ ਕਿ ਓਹ ਆਪ ਰੋਜ਼ ਬੇਬੀ ਨੂੰ ਦੁਧ ਪਿਆਂਦੀ ਹੈ-ਤੇ ਓਹਨੂੰ ਕੋਈ ਸੋਜ ਨਹੀਂ ਪਈ।

ਇਕ ਵਾਰੀ ਪ੍ਰੀਤੋ ਦੇ ਸਰਦਾਰ ਦੀ ਬਦਲੀ ਓਹਨਾਂ ਦੇ ਪਿੰਡ ਦੇ ਨੇੜੇ ਦੇ ਸ਼ਹਿਰ ਹੋ ਗਈ। ਪ੍ਰੀਤੋ ਨੂੰ ਬੜਾ ਚਾਅ ਚੜ੍ਹਿਆ। ਓਹਦੀ ਬੀਬੀ ਨੇ ਕਈ ਵਾਰ ਓਹਨੂੰ ਕਈ ਚੀਜ਼ਾਂ ਦਿਤੀਆਂ ਸਨ, ਪਰਾਣੇ ਕਪੜੇ, ਪੁਰਾਣੇ ਖਿਡੌਣੇ, ਰਿਬਨ ਤੇ ਹੋਰ ਕਈ ਨਿਕ ਸੁਕ। ਓਹ ਸਭ ਓਹਨੇ ਚਾਈਂ ਚਾਈਂ ਆਪਣੀ ਟਰੰਕੜੀ ਵਿਚ ਨਵੇਂ ਸਿਰਿਓਂ ਜੋੜੇ - ਆਪਣੀ ਮਾਂ ਲਈ, ਆਪਣੇ ਨਿਕੇ ਭੈਣ ਭਰਾਵਾਂ ਲਈ ਜਿਨ੍ਹਾਂ ਨੂੰ ਓਹਨੇ ਤਕਿਆ ਵੀ ਨਹੀਂ ਸੀ ਹੋਇਆ।

ਤੇ ਜਦੋਂ ਟਰੰਕੜੀ ਚੁਕੀ ਓਹ ਫ਼ੌਜੀ ਟਰੱਕ ਵਿਚੋਂ ਆਪਨੇ ਪਿੰਡ ਉਤਰੀ, ਚਾਅ ਨਾਲ ਉਹਨੂੰ ਖੰਭ ਲਗੇ ਹੋਏ ਸਨ।

ਸਾਹਮਣੇ ਓਹਦੇ ਪਿੰਡ ਦਾ ਛਪੜ ਸੁਕਿਆ ਹੋਇਆ ਸੀ- ਤੇ ਓਥੇ ਟੁਟੀ ਗਡ ਕੋਈ ਨਹੀਂ ਸੀ, ਓਹਦੇ ਘਰ ਨੂੰ ਮੁੜਦੀ ਗਲੀ ਦੀ ਇਕੋ ਇਕ ਨਿਸ਼ਾਨੀ । ਚਾਅ ਦੇ ਖੰਭ ਜਿਵੇਂ ਸਿਕੇ ਨਾਲ ਲੱਦੇ ਗਏ' ਓਹ ਆਪਣਾ ਘਰ ਭੁਲ ਗਈ। ਆਪਣਾ ਘਰ, ਮਿਠਾ ਘਰ, ਘਰ ਜਿਦ੍ਹੇ ਬਾਰੇ ਲੋਕ ਗੀਤ ਗੌਂਦੇ ਨੇ, ਜਿਦ੍ਹੇ ਸੁਖਾਂ ਨੂੰ ਬਲਖ਼ ਬੁਖ਼ਾਰਿਓਂ ਵਧ ਦਸਿਆ ਜਾਂਦਾ ਹੈ।

ਪਿੰਡ ਦੀਆਂ ਕੁੜੀਆਂ ਖਿੜ ਖਿੜ ਹਸ ਰਹੀਆਂ ਸਨ, ਜਦੋਂ ਓਹਨੇ ਭੋਲੇ ਭਾਅ ਓਹਨਾਂ ਕੋਲੋਂ ਪੁਛਿਆ, "ਨੀ ਕੁੜੀਓ - ਮੇਰਾ ਘਰ ਕਿਥੇ ਏ ....... ਮੈਂ ਨ੍ਹਾਮੋਂ ਦੀ ਧੀ ... ..."

ਰਬ ਅਜਿਹੇ ਬਚੇ ਨੂੰ ਤਕ ਕੇ ਆਪਣੇ ਪੁਜਾਰੀ ਨੂੰ ਨਾ ਭੁਲਦਾ - ਪਰ ਪ੍ਰੀਤੋ ਆਪਣਾ ਘਰ ਭੁਲ ਗਈ ਸੀ!

੨੪੭